ਚੰਡੀਗੜ੍ਹ, 19 ਅਕਤੂਬਰ

ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਸਮੇਤ ਭਾਜਪਾ ਨੇਤਾਵਾਂ ਨਾਲ ਗੁਪਤ ਮੀਟਿੰਗ ਕਰਨ ਵਾਲੇ ਨਿਹੰਗ ਬਾਬਾ ਅਮਨ ਸਿੰਘ ਨੇ ਦਾਅਵਾ ਕੀਤਾ ਹੈ ਕਿ ਸਿੰਘੂ ਬਾਰਡਰ ਪ੍ਰਦਰਸ਼ਨ ਵਾਲੀ ਥਾਂ ਖਾਲ੍ਹੀ ਕਰਵਾਉਣ ਲਈ ਕਥਿਤ ਤੌਰ ‘ਤੇ 10 ਲੱਖ ਰੁਪਏ ਨਕਦ ਅਤੇ ਘੋੜਿਆਂ ਦੀ ਪੇਸ਼ਕਸ਼ ਕੀਤੀ ਗਈ ਸੀ। ਉਨ੍ਹਾਂ ਕਿਹਾ,‘ਅਸੀਂ ਚਾਰ ਮੰਗਾਂ ਕੀਤੀਆਂ, ਖੇਤੀਬਾੜੀ ਕਾਨੂੰਨ ਵਾਪਸ ਲੈਣਾ, ਐੱਮਐੱਸਪੀ ਗਾਰੰਟੀ, 2015 ਤੋਂ ਪੰਜਾਬ ਵਿੱਚ ਬੇਅਦਬੀ ਮਾਮਲਿਆਂ ਵਿੱਚ ਨਿਆਂ ਅਤੇ ਸਾਡੇ ਵਿਰੁੱਧ ਕੇਸ ਵਾਪਸ ਲੈਣਾ ਸ਼ਾਮਲ ਸਨ। ਅਸੀਂ ਉਨ੍ਹਾਂ ਨੂੰ ਕਿਹਾ ਕਿ ਅਸੀਂ ਉਦੋਂ ਹੀ ਧਰਨਾ ਚੁੱਕਾਂਗੇ ਜਦੋਂ ਸਾਡੀਆਂ ਮੰਗਾਂ ਪੂਰੀਆਂ ਹੋਣਗੀਆਂ। ਅਸੀਂ ਪੈਸੇ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤੀ ਤੇ ਅਸੀਂ ਆਪਣੀਆਂ ਮੰਗਾਂ ਸਬੰਧੀ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਚਿੱਠੀਆਂ ਵੀ ਲਿਖੀਆਂ।’ ਇਹ ਪੁੱਛਣ ’ਤੇ ਕੀ ਉਨ੍ਹਾਂ ਨੇ ਕਿਸਾਨ ਆਗੂਆਂ ਨਾਲ ਮੀਟਿੰਗ ਬਾਰੇ ਚਰਚਾ ਕੀਤੀ ਤਾਂ ਨਿਹੰਗ ਬਾਬਾ ਨੇ ਕਿਹਾ ਕਿ ਉਨ੍ਹਾਂ ਨੂੰ ‘ਕਿਸਾਨਾਂ ਨਾਲ ਗੱਲ ਕਰਨ ਦੀ ਲੋੜ ਨਹੀਂ। ਮੈਂ ਇਕੱਲਾ ਤੋਮਰ ਨੂੰ ਮਿਲਣ ਨਹੀਂ ਗਿਆ ਸੀ। ਸਾਡੀ ‘ਫ਼ੌਜ’ ਦੇ ਘੱਟੋ-ਘੱਟ 10 ਮੈਂਬਰ ਮੇਰੇ ਨਾਲ ਸਨ।’