ਚਾਂਗਵਨ:ਭਾਰਤੀ ਨਿਸ਼ਾਨੇਬਾਜ਼ ਅਰਜੁਨ ਬਬੂਤਾ ਨੇ ਅੱਜ ਇੱਥੇ ਟੋਕੀਓ ਓਲੰਪਿਕ ਵਿੱਚ ਚਾਂਦੀ ਦਾ ਤਗਮਾ ਜੇਤੂ ਲੁਕਾਸ ਕੋਜ਼ੇਂਸਕੀ ਨੂੰ ਹਰਾ ਕੇ ਪੁਰਸ਼ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ ਹੈ। ਆਈਐੱਸਐੱਸਐੱਫ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਵਿੱਚ ਭਾਰਤ ਦਾ ਇਹ ਪਹਿਲਾ ਤਗਮਾ ਹੈ। ਸੋਨ ਤਗਮੇ ਦੇ ਮੁਕਾਬਲੇ ਵਿੱਚ ਅਰਜੁਨ ਨੇ ਅਮਰੀਕਾ ਦੇ ਕੋਜ਼ੇਂਸਕੀ ਨੂੰ 17-9 ਨਾਲ ਹਰਾਇਆ। ਅਰਜੁਨ ਦਾ ਸੀਨੀਅਰ ਟੀਮ ਲਈ ਇਹ ਪਹਿਲਾ ਸੋਨ ਤਗਮਾ ਹੈ। 2016 ਤੋਂ ਭਾਰਤ ਦੀ ਨੁਮਾਇੰਦਗੀ ਕਰ ਰਹੇ ਪੰਜਾਬ ਦੇ 23 ਸਾਲਾ ਅਰਜੁਨ ਨੇ 2016 ਜੂਨੀਅਰ ਵਿਸ਼ਵ ਕੱਪ ਵਿੱਚ ਵੀ ਸੋਨ ਤਗਮਾ ਜਿੱਤਿਆ ਸੀ। ਇਸ ਤੋਂ ਪਹਿਲਾਂ ਉਸ ਨੇ ਰੈਂਕਿੰਗ ਰਾਊਂਡ ਵਿੱਚ 261.1 ਅੰਕਾਂ ਨਾਲ ਸਿਖਰ ’ਤੇ ਰਹਿੰਦਿਆਂ ਸੋਨ ਤਗਮੇ ਦੇ ਮੁਕਾਬਲੇ ਵਿੱਚ ਜਗ੍ਹਾ ਬਣਾਈ ਸੀ। ਮੁਕਾਬਲੇ ਵਿੱਚ ਹਿੱਸਾ ਲੈ ਰਿਹਾ ਇੱਕ ਹੋਰ ਭਾਰਤੀ ਖਿਡਾਰੀ ਪਾਰਥ ਮਖੀਜਾ 258.1 ਅੰਕਾਂ ਨਾਲ ਚੌਥੇ ਸਥਾਨ ’ਤੇ ਰਿਹਾ।