ਮੁੰਬਈ,  ਮੌਜੂਦਾ ਸੈਸ਼ਨ ’ਚ ਇੱਕਪਾਸੜ ਜਿੱਤਾਂ ਦਰਜ ਕਰਨ ਵਾਲੀ ਭਾਰਤੀ ਕ੍ਰਿਕਟ ਟੀਮ ਕੱਲ੍ਹ ਤੋਂ ਸ਼ੁਰੂ ਹੋ ਰਹੀ ਤਿੰਨ ਇਕ ਰੋਜ਼ਾ ਮੈਚਾਂ ਦੀ ਲੜੀ ’ਚ ਜਦ ਨਿਊਜ਼ੀਲੈਂਡ ਖ਼ਿਲਾਫ਼ ਉਤਰੇਗੀ ਤਾਂ ਹਾਲੀਆ ਬਿਹਤਰੀਨ ਕਾਰਗੁਜ਼ਾਰੀ ਦੇ ਆਧਾਰ ’ਤੇ ਉਸਦਾ ਪੱਲਾ ਬਿਨਾਂ ਸ਼ੱਕ ਭਾਰੀ ਰਹੇਗਾ।
ਵਿਸ਼ਵ ਚੈਂਪੀਅਨ ਆਸਟਰੇਲੀਆ ਨੂੰ ਹਰਾਉਣ ਤੋਂ ਬਾਅਦ ਭਾਰਤੀ ਟੀਮ ਦੇ ਹੌਂਸਲੇ ਬੁਲੰਦ ਹਨ ਤੇ ਕੀਵੀਆਂ ਨੂੰ ਇਸ ਨੂੰ ਬਰਾਬਰ ਦੀ ਟੱਕਰ ਦੇਣ ਲਈ ਕਾਫ਼ੀ ਪਸੀਨਾ ਵਹਾਉਣਾ ਪੈ ਸਕਦਾ ਹੈ। ਭਾਰਤ ਦਾ ਬੱਲੇਬਾਜ਼ੀ ਤੇ ਗੇਂਦਬਾਜ਼ੀ ਕ੍ਰਮ ਸੰਤੁਲਿਤ ਹੈ ਤੇ ਸਾਰੇ ਖਿਡਾਰੀਆਂ ਨੇ ਵੱਖ-ਵੱਖ ਜਿੱਤਾਂ ’ਚ ਬਣਦਾ ਯੋਗਦਾਨ ਦਿੱਤਾ ਹੈ। ਇਕ ਇਕਾਈ ਦੇ ਰੂਪ ’ਚ ਵਿਰਾਟ ਕੋਹਲੀ ਦੀ ਅਗਵਾਈ ’ਚ ਭਾਰਤੀ ਟੀਮ ਨੇ ਬਿਹਤਰ ਪ੍ਰਦਰਸ਼ਨ ਕੀਤਾ ਹੈ।
ਹਾਲਾਂਕਿ ਤਿੰਨ ਸੈਸ਼ਨ ਪਹਿਲਾਂ ਇਸੇ ਮੈਦਾਨ ’ਤੇ ਭਾਰਤੀ ਟੀਮ ਦੱਖਣੀ ਅਫ਼ਰੀਕਾ ਹੱਥੋਂ ਮਾਤ ਖਾ ਚੁੱਕੀ ਹੈ ਪਰ ਉਸ ਤੋਂ ਬਾਅਦ ਭਾਰਤ ਨੇ ਆਪਣੀ ਸਰਜ਼ਮੀਨ ’ਤੇ ਲਗਾਤਾਰ ਤਿੰਨ ਲੜੀਆਂ ਜਿੱਤੀਆਂ ਹਨ। ਅਜਿਹੀ ਸਥਿਤੀ ਵਿੱਚ ਅਜੇਤੂ ਸਾਬਿਤ ਹੋ ਰਹੀ ਭਾਰਤੀ ਟੀਮ ਨੂੰ ਹਰਾਉਣਾ ਕੀਵੀ ਟੀਮ ਲਈ ਆਸਾਨ ਨਹੀਂ ਹੋਵੇਗਾ। ਦੱਸਣਯੋਗ ਹੈ ਕਿ ਆਸਟਰੇਲੀਆ ਕੋਲੋਂ 2009-10 ਵਿੱਚ ਹਾਰਨ ਤੋਂ ਬਾਅਦ ਭਾਰਤ ਨੇ ਸਿਰਫ਼ ਪਾਕਿਸਤਾਨ (2012) ਤੇ ਦੱਖਣੀ ਅਫ਼ਰੀਕਾ ਤੋਂ ਹੀ ਮਾਤ ਖਾਧੀ ਹੈ। ਭਾਰਤੀ ਟੀਮ ਦੀ ਜ਼ਬਰਦਸਤ ਲੈਅ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਪਤਾਨ ਵਿਰਾਟ ਕੋਹਲੀ ਤੇ ਸਲਾਮੀ ਬੱਲੇਬਾਜ਼ ਸ਼ਿਖ਼ਰ ਧਵਨ ਦੀ ਗ਼ੈਰਮੌਜੂਦਗੀ ਵਿੱਚ ਵੀ ਇਸ ਨੇ ਕੰਗਾਰੂ ਟੀਮ ਨੂੰ 4-1 ਨਾਲ ਹਰਾਇਆ। ਇਸ ਦੌਰਾਨ ਉੱਪ ਕਪਤਾਨ ਰੋਹਿਤ ਸ਼ਰਮਾ ਨੇ 296 ਦੌੜਾਂ ਬਣਾਈਆਂ, ਜਿਸ ਵਿੱਚ ਸੈਂਕੜਾ ਤੇ ਚਾਰ ਅਰਧ ਸੈਂਕੜੇ ਸ਼ਾਮਲ ਹਨ। ਜਦਕਿ ਅਜਿੰਕਿਆ ਰਹਾਨੇ ਨੇ ਵੀ ਚਾਰ ਅਰਧ ਸੈਂਕੜਿਆਂ ਦੀ ਮੱਦਦ ਨਾਲ 244 ਦੌੜਾਂ ਦਾ ਯੋਗਦਾਨ ਪਾਇਆ। ਇਸ ਤੋਂ ਇਲਾਵਾ ਹਰਫ਼ਨਮੌਲਾ ਹਾਰਦਿਕ ਪਾਂਡਿਆ ਨੇ ਵੀ ਲੜੀ ਦੌਰਾਨ 222 ਦੌੜਾਂ ਦਾ ਅਹਿਮ ਯੋਗਦਾਨ ਪਾਇਆ। ਬੱਲੇਬਾਜ਼ਾਂ ਲਈ ‘ਸਵਰਗ’ ਕਹੀ ਜਾਣ ਵਾਲੀ ਇਸ ਪਿੱਚ ’ਤੇ ਦੌੜਾਂ ਦਾ ਮੀਂਹ ਵਰ੍ਹਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਚਾਈਨਾਮੈਨ ਕੁਲਦੀਪ ਯਾਦਵ ਤੇ ਲੈੱਗ ਸਪਿੰਨਰ ਯੁਜਵੇਂਦਰ ਚਹਿਲ ਦਾ ਅਗਵਾਈ ਵਿੱਚ ਭਾਰਤੀ ਸਪਿੰਨ ਹਮਲੇ ਦੀ ਧਾਰ ਤਿੱਖੀ ਹੋਈ ਹੈ।