ਪੈਰਿਸ, 30 ਮਈ ; ਰੋਲਾਂ ਗੈਰਾਂ ਦੇ ਬਾਦਸ਼ਾਹ ਰਾਫੇਲ ਨਡਾਲ ਨੂੰ ਫਰੈਂਚ ਓਪਨ ਵਿੱਚ ਅੱਜ ਪਹਿਲੇ ਗੇੜ ਵਿੱਚ ਹੀ ਕਾਫੀ ਜੂਝਣਾ ਪਿਆ। ਦੂਜੇ ਪਾਸੇ, ਰੂਸ ਦੀ ਖਿਡਾਰਨ ਮਾਰੀਆ ਸ਼ਾਰਾਪੋਵਾ ਵੀ ਤਿੰਨ ਸੈੱਟ ਤਕ ਜੂਝਣ ਮਗਰੋਂ ਦੂਜੇ ਗੇੜ ਵਿੱਚ ਥਾਂ ਬਣਾ ਸਕੀ। ਨਡਾਲ ਨੂੰ ਇਟਲੀ ਦੇ ਸਾਈਮਨ ਬੋਲੇਲੀ ਨੇ ਸਖ਼ਤ ਚੁਣੌਤੀ ਦਿੱਤੀ, ਪਰ ਦੁਨੀਆ ਦਾ ਨੰਬਰ ਇੱਕ ਸਪੈਨਿਸ਼ ਖਿਡਾਰੀ ਆਖ਼ੀਰ ਵਿੱਚ 80ਵੀਂ ਜਿੱਤ ਦਰਜ ਕਰਨ ਵਿੱਚ ਸਫਲ ਰਿਹਾ। ਨਡਾਲ ਨੇ ਦੋ ਦਿਨ ਚੱਲੇ ਇਸ ਮੈਚ ਦੇ ਤੀਜੇ ਸੈੱਟ ਵਿੱਚ ਚਾਰ ਸੈੱਟ ਪੁਆਇੰਟ ਬਚਾ ਕੇ 6-4, 6-3, 7-6 (11-9) ਨਾਲ ਜਿੱਤ ਦਰਜ ਕੀਤੀ। ਇਹ ਮੈਚ ਦੋ ਘੰਟੇ 57 ਮਿੰਟ ਤੱਕ ਚੱਲਿਆ।
ਮਹਿਲਾ ਵਰਗ ਵਿੱਚ ਦੋ ਵਾਰ ਦੀ ਚੈਂਪੀਅਨ 28ਵਾਂ ਦਰਜਾ ਪ੍ਰਾਪਤ ਸ਼ਾਰਾਪੋਵਾ ਨੂੰ ਨੈਦਰਲੈਂਡ ਦੀ ਕੁਆਲੀਫਾਇਰ ਰਿਸ਼ੇਲ ਹੌਂਗਨਕੈਂਪ ਨੇ ਤਿੰਨ ਸੈੱਟ ਤੱਕ ਜੂਝਣ ਲਈ ਮਜ਼ਬੂਰ ਕਰ ਦਿੱਤਾ। ਰੂਸੀ ਖਿਡਾਰਨ ਨੇ ਵਿਸ਼ਵ ਵਿੱਚ 130ਵੇਂ ਨੰਬਰ ਦੀ ਹੌਂਗਨਕੈਂਪ ਤੋਂ ਇਹ ਮੈਚ 6-1, 4-6, 6-3 ਨਾਲ ਜਿੱਤਿਆ।
ਇਸੇ ਤਰ੍ਹਾਂ ਫਰਾਂਸ ਦੇ ਰਿਚਰਡ ਗਾਸਕੇ, ਸਤਵਾਂ ਦਰਜਾ ਪ੍ਰਾਪਤ ਆਸਟਰੀਆ ਦਾ ਡੌਮੀਨਿਕ ਥੀਐਮ ਅਤੇ ਮਹਿਲਾਵਾਂ ਵਿੱਚ ਸਾਬਕਾ ਨੰਬਰ ਇੱਕ ਡੈੱਨਮਾਰਕ ਦੀ ਕੈਰੋਲਾਈਨ ਵੋਜ਼ਨਿਆਕੀ ਨੇ ਆਪਣੇ-ਆਪਣੇ ਪਹਿਲੇ ਗੇੜ ਦੇ ਸਿੰਗਲ ਮੁਕਾਬਲੇ ਜਿੱਤ ਕੇ ਟੂਰਨਾਮੈਂਟ ਵਿੱਚ ਜਿੱਤ ਨਾਲ ਖਾਤਾ ਖੋਲ੍ਹਿਆ ਹੈ।