ਓਟਵਾ, 4 ਜਨਵਰੀ : ਇਸ ਹਫਤੇ ਕੈਨੇਡੀਅਨ ਐਮਪੀਜ਼ ਤੇ ਸੈਨੇਟਰਜ਼ ਦਾ ਇੱਕ ਵਫਦ ਚੀਨ ਜਾਵੇਗਾ। ਇਸ ਵਫਦ ਵੱਲੋਂ ਚੀਨੀ ਅਧਿਕਾਰੀਆਂ ਨਾਲ ਪਿੱਛੇ ਜਿਹੇ ਨਜ਼ਰਬੰਦ ਕੀਤੇ ਗਏ ਦੋ ਕੈਨੇਡੀਅਨਾਂ ਦਾ ਮੁੱਦਾ ਮੁੱਖ ਤੌਰ ਉੱਤੇ ਵਿਚਾਰੇ ਜਾਣ ਦੀ ਸੰਭਾਵਨਾ ਹੈ। ਜਿ਼ਕਰਯੋਗ ਹੈ ਕਿ ਜਦੋਂ ਤੋਂ ਹਿਉਵੇਈ ਦੀ ਐਗਜੈ਼ਕਟਿਵ ਨੂੰ ਕੈਨੇਡਾ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਚੀਨ ਵਿੱਚ 13 ਕੈਨੇਡੀਅਨਾਂ ਨੂੰ ਨਜ਼ਰਬੰਦ ਕੀਤਾ ਜਾ ਚੁੱਕਿਆ ਹੈ।

ਇਹ ਡਿਪਲੋਮੈਟਿਕ ਦੌਰਾ ਕੈਨੇਡਾ ਚਾਈਨਾ ਲੈਜਿਸਲੇਟਿਵ ਐਸੋਸਿਏਸ਼ਨ ਦੇ ਮੈਂਬਰਾਂ ਵੱਲੋਂ ਕੀਤਾ ਜਾਵੇਗਾ। ਇਸ ਗਰੁੱਪ ਵਿੱਚ ਚਾਰ ਐਮਪੀਜ਼ ਤੇ ਦੋ ਸੈਨੇਟਰਜ਼ ਸ਼ਾਮਲ ਹਨ ਤੇ ਇਹ ਦੌਰਾ ਕੈਨੇਡਾ ਤੇ ਚੀਨ ਦੇ ਸਬੰਧਾਂ ਤੇ ਸਾਂਝੇ ਹਿਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਕੀਤਾ ਜਾਵੇਗਾ। ਕੰਜ਼ਰਵੇਟਿਵ ਐਮਪੀ ਮਾਈਕਲ ਕੂਪਰ, ਜੋ ਕਿ ਇਸ ਦੌਰੇ ਵਿੱਚ ਤਿੰਨ ਲਿਬਰਲ ਐਮਪੀਜ਼ ਦੇ ਨਾਲ ਜਾਣਗੇ, ਨੇ ਇੱਕ ਇੰਟਰਵਿਊ ਵਿੱਚ ਆਖਿਆ ਕਿ ਇਹ ਚੱਲ ਰਹੀ ਖਿੱਚੋਤਾਣ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਆਖਿਆ ਕਿ ਇਸੇ ਲਈ ਅਸੀਂ ਮਸਲੇ ਨੂੰ ਹੱਲ ਕਰਨ ਲਈ ਚੀਨ ਜਾ ਰਹੇ ਹਾਂ। ਉਨ੍ਹਾਂ ਆਖਿਆ ਕਿ ਉਹ ਖੁਦ ਤੇ ਕੈਨੇਡੀਅਨ ਵਫਦ ਦੇ ਹੋਰ ਮੈਂਬਰ ਨਜ਼ਰਬੰਦ ਕੀਤੇ ਗਏ ਕੈਨੇਡੀਅਨਾਂ ਦੀ ਸੁਰੱਖਿਅਤ ਤੇ ਤੇਜ਼ੀ ਨਾਲ ਵਾਪਸੀ ਵਾਸਤੇ ਜਿਹੜੀ ਉਸਾਰੂ ਭੂਮਿਕਾ ਨਿਭਾਅ ਸਕਣਗੇ ਨਿਭਾਉਣਗੇ।

ਬੀਜਿੰਗ ਵਿੱਚ ਇੰਟਰਨੈਸ਼ਨਲ ਕ੍ਰਾਇਸਿਸ ਗਰੁੱਪ ਵੱਲੋਂ ਗਲੋਬਲ ਅਫੇਅਰਜ਼ ਵੱਲੋਂ ਛੁੱਟੀ ਉੱਤੇ ਗਏ ਡਿਪਲੋਮੈਟ ਮਾਈਕਲ ਕੋਵਰਿੱਗ ਤੇ ਉੱਤਰੀ ਕੋਰੀਆ ਲਈ ਟਰਿੱਪਜ਼ ਦਾ ਪ੍ਰਬੰਧ ਕਰਨ ਵਾਲੇ ਕਾਰੋਬਾਰੀ ਮਾਈਕਲ ਸਪੇਵਰ ਨੂੰ 10 ਦਸੰਬਰ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਚੀਨ ਦਾ ਦੌਰਾ ਕਰਨ ਲਈ ਤਿਆਰ ਇਹ ਕੈਨੇਡਾ ਦਾ ਉੱਚ ਪੱਧਰੀ ਵਫਦ ਹੈ। ਇੱਥੇ ਦੱਸਣਾ ਬਣਦਾ ਹੈ ਕਿ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ਉੱਤੇ ਚੀਨ ਦੀ ਟੈਲੀਕੌਮ ਕੰਪਨੀ ਦੀ ਐਗਜ਼ੈਕਟਿਵ ਮੈਂਗ ਵਾਨਜ਼ੋਊ ਨੂੰ ਗ੍ਰਿਫਤਾਰ ਕੀਤੇ ਜਾਣ ਦੇ ਨੌਂ ਦਿਨਾਂ ਬਾਅਦ ਇਨ੍ਹਾਂ ਕੈਨੇਡੀਅਨਾਂ ਨੂੰ ਨਜ਼ਰਬੰਦ ਕੀਤਾ ਗਿਆ। ਵੀਰਵਾਰ ਨੂੰ ਚੀਨ ਦੇ ਚੀਫ ਪ੍ਰੌਸੀਕਿਊਟਰ ਨੇ ਇਹ ਐਲਾਨ ਕੀਤਾ ਕਿ ਇਨ੍ਹਾਂ ਨਜ਼ਰਬੰਦ ਕੀਤੇ ਗਏ ਦੋ ਕੈਨੇਡੀਅਨਾਂ ਨੇ ਚੀਨੀ ਕਾਨੂੰਨ ਦੀ ਉਲੰਘਣਾਂ ਕੀਤੀ ਹੈ।

ਬੀਜਿੰਗ ਵਿੱਚ ਬ੍ਰੀਫਿੰਗ ਦੌਰਾਨ ਪ੍ਰੌਸੀਕਿਊਟਰ ਜੈਂਗ ਜੁਨ ਨੇ ਆਖਿਆ ਕਿ ਚੀਨ ਦੀ ਕੌਮੀ ਸਕਿਊਰਿਟੀ ਦੇ ਖਿਲਾਫ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਕਾਰਨ ਹੀ ਇਨ੍ਹਾਂ ਦੋ ਕੈਨੇਡੀਅਨ ਨਾਗਰਿਕਾਂ ਖਿਲਾਫ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧ ਵਿੱਚ ਇਸ ਵੇਲੇ ਹੋਰ ਜਾਣਕਾਰੀ ਉਜਾਗਰ ਕਰਨਾ ਸਹੀ ਨਹੀਂ ਹੋਵੇਗਾ। ਇਸ ਉੱਤੇ ਕ੍ਰਾਈਸਿਜ਼ ਗਰੁੱਪ ਦੇ ਪ੍ਰੈਜ਼ੀਡੈਂਟ ਰੌਬਰਟ ਮਾਲੇ ਨੇ ਆਖਿਆ ਕਿ ਇਸ ਤਰ੍ਹਾਂ ਦੀਆਂ ਟਿੱਪਣੀਆਂ ਨਾਲ ਕੋਈ ਨਵੀਂ ਜਾਣਕਾਰੀ ਨਹੀਂ ਮਿਲ ਰਹੀ ਹੈ। ਕੋਵਰਿਗ ਦਾ ਪਰਿਵਾਰ ਤੇ ਦੋਸਤ, ਰਿਸ਼ਤੇਦਾਰ ਇਹੋ ਨਹੀਂ ਜਾਣਦੇ ਕਿ ਉਸ ਨੂੰ ਕਿਉਂ ਤੇ ਕਦੋਂ ਤੋਂ ਨਜ਼ਰਬੰਦ ਕਰਕੇ ਰੱਖਿਆ ਗਿਆ ਹੈ। ਮਾਲੇ, ਜੋ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਨੈਸ਼ਨਲ ਸਕਿਊਰਿਟੀ ਕਾਉਂਸਲ ਵਿੱਚ ਵੀ ਸੇਵਾ ਨਿਭਾਅ ਚੁੱਕੇ ਹਨ, ਨੇ ਆਖਿਆ ਕਿ ਸਾਨੂੰ ਇਹ ਸਮਝ ਨਹੀਂ ਆ ਰਹੀ ਕਿ ਚੀਨੀ ਅਧਿਕਾਰੀ ਕਿਹੜੇ ਨਿਯਮ ਕਾਨੂੰਨਾਂ ਦੀ ਗੱਲ ਕਰ ਰਹੇ ਹਨ। ਮਾਲੇ ਨੇ ਇਹ ਵੀ ਆਖਿਆ ਕਿ ਚੀਨ ਦੀ ਨੈਸ਼ਨਲ ਸਕਿਊਰਿਟੀ ਨੂੰ ਖਤਰਾ ਖੜ੍ਹਾ ਕਰਨ ਦਾ ਜਿਹੜਾ ਇਲਜ਼ਾਮ ਮਾਲੇ ਉੱਤੇ ਲਾਇਆ ਜਾ ਰਿਹਾ ਹੈ ਉਹ ਵੀ ਝੂਠਾ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਕੈਨੇਡਾ ਦੀ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਵੱਲੋਂ ਵੀ ਇਨ੍ਹਾਂ ਦੋਵਾਂ ਕੈਨੇਡੀਅਨਾਂ ਨੂੰ ਰਿਹਾਅ ਕਰਨ ਦੀ ਚੀਨ ਨੂੰ ਕਈ ਵਾਰੀ ਅਪੀਲ ਕੀਤੀ ਜਾ ਚੁੱਕੀ ਹੈ।