ਨਵੀਂ ਦਿੱਲੀ, 27 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੋਵਿਡ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸ ਦੌਰਾਨ ਕਿਹਾ ਕਿ ਇਹ ਸਪਸ਼ਟ ਹੈ ਕਿ ਕਰੋਨਾ ਦਾ ਖਤਰਾ ਹਾਲੇ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ। ਇਸ ਲਈ ਸਾਰਿਆਂ ਨੂੰ ਚੌਕਸ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਭਾਰਤੀਆਂ ਲਈ ਮਾਣ ਦੀ ਗੱਲ ਹੈ ਕਿ 96 ਫ਼ੀਸਦ ਬਾਲਗ ਆਬਾਦ ਨੂੰ ਕੋਵਿਡ-19 ਦੇ ਘੱਟੋ ਘੱਟ ਇਕ ਟੀਕਾ ਲੱਗ ਚੁੱਕਿਆ ਹੈ।
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਸਮੇਤ ਵਿਸ਼ਵਵਿਆਪੀ ਹਾਲਾਤ ਦੇ ਮੱਦੇਨਜ਼ਰ ਵਧਦੀਆਂ ਚੁਣੌਤੀਆਂ ਦਾ ਹਵਾਲਾ ਦਿੰਦੇ ਹੋਏ ਆਰਥਿਕ ਫੈਸਲਿਆਂ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਦਰਮਿਆਨ ਵਧੇਰੇ ਤਾਲਮੇਲ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਨਾਲ ਵਿਰੋਧੀ ਪਾਰਟੀਆਂ ਸ਼ਾਸਿਤ ਰਾਜਾਂ ਨੂੰ ਅਪੀਲ ਕੀਤੀ ਕਿ ਉਹ ਪੈਟਰੋਲ ਅਤੇ ਡੀਜ਼ਲ ‘ਤੇ ਵੈਲਿਊ ਐਡਿਡ ਟੈਕਸ (ਵੈਟ) ਨੂੰ ਘਟਾਉਣ ਤਾਂ ਜੋ ਜਨਤਾ ਨੂੰ ਮਹਿੰਗਾਈ ਤੋਂ ਰਾਹਤ ਦਿੱਤੀ ਜਾ ਸਕੇ। ਪ੍ਰਧਾਨ ਮੰਤਰੀ ਨੇ ਕੋਵਿਡ ਬਾਰੇ ਮੁੱਖ ਮੰਤਰੀਆਂ ਨਾਲ ਗੱਲਬਾਤ ਦੌਰਾਨ ਆਮ ਜਨਤਾ ‘ਤੇ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦਾ ਬੋਝ ਘੱਟ ਕਰਨ ਲਈ ਪਿਛਲੇ ਸਾਲ ਨਵੰਬਰ ‘ਚ ਕੀਤੀ ਦਰਾਮਦ ਡਿਊਟੀ ‘ਚ ਕਟੌਤੀ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਉਸ ਸਮੇਂ ਸਾਰੇ ਸੂਬਿਆਂ ਨੂੰ ਵੈਟ ਘਟਾਉਣ ਦੀ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਕਿ ਕੁਝ ਰਾਜਾਂ ਨੇ ਆਪਣੇ ਤੌਰ ‘ਤੇ ਟੈਕਸ ਘਟਾਏ ਹਨ ਪਰ ਕੁਝ ਰਾਜਾਂ ਨੇ ਆਪਣੇ ਲੋਕਾਂ ਨੂੰ ਇਸ ਦਾ ਲਾਭ ਨਹੀਂ ਦਿੱਤਾ ਹੈ।