ਸਾਂ ਜੁਆਨ (ਪੋਰਟੋ ਰੀਕੋ), 19 ਜਨਵਰੀ

ਦੁਨੀਆ ਦੇ ਮਹਾਨ ਦੌੜਾਕਾਂ ਵਿੱਚੋਂ ਇੱਕ ਉਸੈਨ ਬੋਲਟ ਦੇ ਵਕੀਲਾਂ ਨੇ ਕਿਹਾ ਕਿ ਜਮਾਇਕਾ ਵਿੱਚ ਨਿੱਜੀ ਨਿਵੇਸ਼ ਫਰਮ ਵਿਚਲੇ ਉਸ ਦੇ ਖਾਤੇ ਵਿੱਚੋਂ 1.27 ਕਰੋੜ ਡਾਲਰ ਤੋਂ ਵੱਧ ਦੀ ਰਕਮ ਗਾਇਬ ਹੈ, ਜਿਸਦੀ ਅਧਿਕਾਰੀ ਜਾਂਚ ਕਰ ਰਹੇ ਹਨ। ਵਕੀਲ ਨੇ ਕਿਹਾ ਕਿ ਬੋਲਟ ਦੇ ਖਾਤੇ ਵਿੱਚ ਵਾਰ 1.28 ਕਰੋੜ ਡਾਲਰ ਸਨ ਪਰ ਹੁਣ ਸਿਰਫ਼ 12,000 ਡਾਲਰ ਬਚੇ ਹਨ। ਉਨ੍ਹਾਂ ਧਮਕੀ ਦਿੱਤੀ ਕਿ ਜੇ 10 ਦਿਨਾਂ ਦੇ ਅੰਦਰ ਪੈਸੇ ਵਾਪਸ ਨਾ ਕੀਤੇ ਗਏ ਤਾਂ ਸਿਵਲ ਅਤੇ ਫੌਜਦਾਰੀ ਕਾਰਵਾਈ ਕੀਤੀ ਜਾਵੇਗੀ। ਸਟਾਕਸ ਐਂਡ ਸਕਿਓਰਿਟੀਜ਼ ਲਿਮਿਟਡ ਨੇ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ। ਕੰਪਨੀ ਨੇ ਕਿਹਾ ਹੈ ਕਿ ਉਸ ਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ ਧੋਖਾਧੜੀ ਦਾ ਪਤਾ ਲੱਗਾ ਹੈ ਅਤੇ ਉਸ ਦੇ ਕਈ ਗਾਹਕਾਂ ਦੇ ਲੱਖਾਂ ਡਾਲਰ ਗਾਇਬ ਹੋ ਸਕਦੇ ਹਨ। 2017 ਵਿੱਚ ਸੰਨਿਆਸ ਲੈਣ ਵਾਲੇ ਬੋਲਟ ਨੇ 100 ਮੀਟਰ, 200 ਮੀਟਰ ਅਤੇ 4×100 ਮੀਟਰ ਦੇ ਵਿਸ਼ਵ ਰਿਕਾਰਡ ਬਣਾਏ ਹਨ।