ਨਵੀਂ ਦਿੱਲੀ, 19 ਜਨਵਰੀ

ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਕਿਹਾ ਹੈ ਕਿ ਬੀਤੀ ਦੇਰ ਰਾਤ ਜਦੋਂ ਉਹ ਦਿੱਲੀ ਵਿੱਚ ਔਰਤਾਂ ਦੀ ਸੁਰੱਖਿਆ ਦੀ ਸਥਿਤੀ ਦਾ ਨਿਰੀਖਣ ਕਰ ਰਹੀ ਸੀ ਤਾਂ ਕਾਰ ਦੇ ਡਰਾਈਵਰ ਨੇ ਸ਼ਰਾਬੀ ਹਾਲਤ ਵਿੱਚ ਉਸ ਨਾਲ ਛੇੜਛਾੜ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਉਸ ਨੂੰ ਫੜਿਆ ਤਾਂ ਉਸ ਨੇ ਕਾਰ ਦੇ ਸ਼ੀਸ਼ੇ ਵਿੱਚ ਹੱਥ ਦੇ ਦਿੱਤਾ। ਇਸ ਤਰ੍ਹਾਂ ਕਰਨ ਨਾਲ ਉਹ ਬੰਦਾ ਉਨ੍ਹਾਂ ਨੂੰ 15 ਮੀਟਰ ਤੱਕ ਧੂਹ ਕੇ ਲੈ ਗਿਅ। ਉਨ੍ਹਾਂ ਕਿਹਾ ਰੱਬ ਨੇ ਜਾਨ ਬਚਾਈ। ਜੇ ਦਿੱਲੀ ਵਿੱਚ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸੁਰੱਖਿਅਤ ਨਹੀਂ ਹੈ ਤਾਂ ਸਥਿਤੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਡੀਸੀਪੀ ਦੱਖਣੀ ਚੰਦਨ ਚੌਧਰੀ ਨੇ ਦੱਸਿਆ ਕਿ ਮਾਲੀਵਾਲ ਦੇ ਅਨੁਸਾਰ ਉਹ ਤੜਕੇ 2.45 ਵਜੇ ਦੇ ਕਰੀਬ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਦੇ ਬਾਹਰ ਆਪਣੀ ਟੀਮ ਦੇ ਨਾਲ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਉਸ ਦੀ ਪਛਾਣ ਹਰੀਸ਼ ਚੰਦਰ ਵਜੋਂ ਹੋਈ, ਜੋ ਸ਼ਹਿਰ ਦੇ ਸੰਗਮ ਵਿਹਾਰ ਦਾ ਰਹਿਣ ਵਾਲਾ ਹੈ।