ਯਾਂਕਟਨ (ਅਮਰੀਕਾ):ਭਾਰਤੀ ਤੀਰਅੰਦਾਜ਼ ਸੁਰੇਖਾ ਵੈਨਮ ਅਤੇ ਅਭਿਸ਼ੇਕ ਵਰਮਾ ਮਹਿਲਾਵਾਂ ਅਤੇ ਪੁਰਸ਼ਾਂ ਦੇ ਕੰਪਾਊਂਡ ਕੁਆਲੀਫਿਕੇਸ਼ਨ ਰਾਊਂਡ ’ਚ ਕ੍ਰਮਵਾਰ 6ਵੇਂ ਅਤੇ 7ਵੇਂ ਸਥਾਨ ’ਤੇ ਰਹਿੰਦਿਆਂ ਤੀਰਅੰਦਾਜ਼ੀ ਵਿਸ਼ਵ ਚੈਂਪੀਅਨਸ਼ਿਪ ਦੇ ਤੀਜੇ ਦੌਰ ’ਚ ਪਹੁੰਚੇ ਗਏ ਹਨ। ਸੁਰੇਖਾ ਨੇ ਕੁਆਲੀਫਿਕੇਸ਼ਨ ’ਚ 684 ਜਦਕਿ ਅਭਿਸ਼ੇਕ ਵਰਮਾ ਨੇ 695 ਅੰਕ ਹਾਸਲ ਕੀਤੇ ਅਤੇ ਇਸ ਮਗਰੋਂ ਪਹਿਲੇ ਇਲਿਮੀਨੇਸ਼ਨ ’ਚ ਵਿੱਚ ਬਾਈ ਹਾਸਲ ਕੀਤੀ। ਮੁਸਕਾਨ ਕਿਰਾਰ ਨੂੰ ਵੀ ਮਹਿਲਾਵਾਂ ਦੇ ਕੰਪਾਊਂਡ ਕੁਆਲੀਫਿਕੇਸ਼ਨ ’ਚ 29ਵੇਂ ਸਥਾਨ ’ਤੇ ਰਹਿਣ ਮਗਰੋਂ ਪਹਿਲੇ ਦੌਰ ਵਿੱਚ ਬਾਈ ਮਿਲੀ ਹੈ। ਇਸੇ ਵਰਗ ’ਚ ਤੀਜੀ ਖਿਡਾਰਨ ਪ੍ਰਿਆ ਗੁਰਜਰ ਕੁਆਲੀਫਕੇਸ਼ਨ ’ਚ 51ਵੇਂ ਸਥਾਨ ’ਤੇ ਰਹੀ ਅਤੇ ਪਹਿਲੇ ਦੌਰ ’ਚ ਉਸ ਦਾ ਮੁਕਾਬਲਾ ਬਰਤਾਨੀਆ ਦੀ ਇਸਾਬੇਲ ਕਾਰਪੇਂਟਰ ਨਾਲ ਹੋਵੇਗਾ। ਦੂਜੇ ਪਾਸੇ ਪਾਸੇ ਵਰਮਾ ਦੇ ਸਾਥੀ ਸੰਗਮਪ੍ਰੀਤ ਸਿੰਘ ਅਤੇ ਰਿਸ਼ਭ ਯਾਦਵ ਕੁਆਲੀਫਿਕੇਸ਼ਨ ਰਾਊਂਡ ’ਚ ਕ੍ਰਮਵਾਰ 26ਵੇਂ ਤੇ 49ਵੇਂ ਸਥਾਨ ’ਤੇ ਰਹੇ। ਪੁਰਸ਼ਾਂ ਦੇ ਰੀਕਰਵ ਵਰਗ ’ਚ ਸਾਲੁੰਕੇ ਪਾਰਥ ਸੁਸ਼ਾਂਤ, ਅਦਿੱਤਿਆ ਚੌਧਰੀ ਅਤੇ ਅਤੁਲ ਵਰਮਾ ਕੁਆਲੀਫਿਕੇਸ਼ਨ ਵਿੱਚ ਕ੍ਰਮਵਾਰ 45ਵੇਂ, 53ਵੇਂ ਅਤੇ 56ਵੇਂ ਸਥਾਨ ’ਤੇ ਰਹੇ ਹਨ।