ਸਿੰਗਾਪੁਰ, 7 ਜਨਵਰੀ

ਸਿੰਗਾਪੁਰ ’ਚ ‘ਤਕਨੀਕੀ ਸਹਾਇਤਾ’ ਘੁਟਾਲਾ ਕਰਨ ਵਾਲੇ ਇਕ ਕੌਮਾਂਤਰੀ ਗਰੋਹ ’ਚ ਸ਼ਾਮਲ ਹੋਣ ਦੇ ਦੋਸ਼ ਹੇਠ ਤਿੰਨ ਭਾਰਤੀਆਂ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ‘ਦਿ ਸਟਰੇਟਸ ਟਾਈਮਜ਼’ ਦੀ ਰਿਪੋਰਟ ਮੁਤਾਬਕ ਤਿੰਨੋਂ ਮੁਲਜ਼ਮ ਪੜ੍ਹਨ ਦੇ ਇਰਾਦੇ ਨਾਲ ਭਾਰਤ ਤੋਂ ਸਿੰਗਾਪੁਰ ਆਏ ਸਨ ਅਤੇ ਬਾਅਦ ’ਚ ਗਰੋਹ ਲਈ ਕੰਮ ਕਰਨ ਲੱਗ ਪਏ ਸਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਨੰਦੀ ਨੀਲਾਦਰੀ (24) ਨੂੰ 18 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਹੈ। ਨੀਲਾਦਰੀ ਨੇ 30,500 ਸਿੰਗਾਪੁਰ ਡਾਲਰ ਦੀ ਹੇਰਾਫੇਰੀ ਕੀਤੀ ਸੀ। ਇਕ ਹੋਰ ਮੁਲਜ਼ਮ ਆਕਾਸ਼ਦੀਪ ਸਿੰਘ (23) ਨੇ 1,18,000 ਸਿੰਗਾਪੁਰ ਡਾਲਰ ਤੋਂ ਵੱਧ ਦੀ ਠਗੀ ਮਾਰੀ ਸੀ ਅਤੇ ਉਸ ਨੂੰ ਇਕ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਤੀਜੇ ਮੁਲਜ਼ਮ ਗਿਰੀ ਦੇਵਜੀਤ (24) ਨੂੰ ਸੱਤ ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ ਜਿਸ ਨੇ ਗਲਤ ਤਰੀਕੇ ਨਾਲ 61,000 ਸਿੰਗਾਪੁਰ ਡਾਲਰ ਤੋਂ ਜ਼ਿਆਦਾ ਰਕਮ ਹਾਸਲ ਕੀਤੀ ਸੀ। ਗਿਰੀ ਅਤੇ ਨੰਦੀ 2019 ’ਚ ਸਿੰਗਾਪੁਰ ਆਏ ਸਨ ਜਦਕਿ ਆਕਾਸ਼ 2020 ’ਚ ਇਥੇ ਆਇਆ ਸੀ। ਅਦਾਲਤ ਦੇ ਦਸਤਾਵੇਜ਼ਾਂ ’ਚ ਇਹ ਖੁਲਾਸਾ ਨਹੀਂ ਕੀਤਾ ਗਿਆ ਕਿ ਉਹ ਕਿਸ ਕਾਲਜ ’ਚ ਪੜ੍ਹ ਰਹੇ ਸਨ। ਇਸ ਮਾਮਲੇ ’ਚ ਅਦਾਲਤ ਨੇ ਪਹਿਲਾਂ ਉਨ੍ਹਾਂ ਦੇ ਚਾਰ ਸਾਥੀਆਂ ਤੀਰਥ ਸਿੰਘ (22), ਤੇਨਜ਼ਿੰਗ ਉਗਯਨ ਲਾਮਾ ਸ਼ੇਰਪਾ (23), ਮੁਖਰਜੀ ਸੁਕੰਨਿਆ (24) ਅਤੇ ਜਸਪ੍ਰੀਤ ਸਿੰਘ (26) ਨੂੰ ਸਜ਼ਾ ਸੁਣਾਈ ਸੀ। ਸਿੰਗਾਪੁਰ ਪੁਲੀਸ ਵੱਲੋਂ ਜਾਰੀ ਬਿਆਨ ਮੁਤਾਬਕ ਇਹ ਘੁਟਾਲਾ ਕਈ ਦੇਸ਼ਾਂ ’ਚ ਫੈਲਿਆ ਹੋਇਆ ਸੀ।