ਮੁਹਾਲੀ, 9 ਜੂਨ
ਗਾਇਕ ਸਿੱਧੂ ਮੂਸੇਵਾਲ ਦੇ ਕਤਲ ਤੋਂ ਬਾਅਦ ਪੰਜਾਬ ਪੁਲੀਸ ਵੀ ਹਰਕਤ ਵਿੱਚ ਆ ਗਈ ਹੈ। ਰੂਪਨਗਰ ਰੇਂਜ ਦੇ ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤੇ ਮੁਹਾਲੀ ਦੇ ਐੱਸਐੈੱਸਪੀ ਵਿਵੇਕਸ਼ੀਲ ਸੋਨੀ, ਰੂਪਨਗਰ ਦੇ ਐੱਸਐੱਸਪੀ ਸੰਦੀਪ ਗਰਗ ਅਤੇ ਫਤਹਿਗੜ੍ਹ ਸਾਹਿਬ ਦੇ ਐੱਸਐੱਸਪੀ ਰਵਜੋਤ ਕੌਰ ਗਰੇਵਾਲ ਅਗਵਾਈ ’ਚ ਇਹ ਕਾਰਵਾਈ ਕੀਤੀ ਗਈ। ਇਸ ਮੌਕੇ ਡੀਐੱਸਪੀ ਬਿਕਰਮਜੀਤ ਸਿੰਘ ਬਰਾੜ ਵੀ ਹਾਜ਼ਰ ਸਨ। ਤਿੰਨ ਜ਼ਿਲ੍ਹਿਆਂ ਦੀ ਪੁਲੀਸ ਨੇ ਵੱਖ ਥਾਵਾਂ ‘ਤੇ ਰਿਹਾਇਸ਼ੀ ਸੁਸਾਇਟੀਆਂ ਵਿੱਚ ਛਾਪੇਮਾਰੀ ਕੀਤੀ। ਜ਼ਿਲ੍ਹਾ ਰੂਪਨਗਰ, ਜ਼ਿਲ੍ਹਾ ਮੁਹਾਲੀ ਅਤੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀ ਪੁਲੀਸ ਨੇ ਮੁਹਾਲੀ ਜ਼ਿਲ੍ਹੇ ਦੇ ਸੈਕਟਰ 70 ਵਿਚਲੇ ਹੋਮਲੈਂਡ, ਸੈਕਟਰ 91 ਅਤੇ ਜਲਵਾਯੂ ਟਾਵਰ ਵਿਖੇ ਸਵੇਰੇ ਛੇ ਵਜੇ ਤਲਾਸ਼ੀ ਮੁਹਿੰਗ ਚਲਾਈ। ਇਸ ਦੌਰਾਨ ਕਰੀਬ 100 ਪੁਲੀਸ ਮੁਲਾਜ਼ਮਾਂ ਨੇ 20 ਮਸ਼ਕੂਕਾਂ ਨੂੰ ਹਿਰਾਸਤ ‘ਚ ਲਿਆ ਹੈ ਤੇ ਸੱਤ ਹਥਿਆਰ, 21 ਲੱਖ ਰੁਪਏ, 18 ਗਰਾਮ ਅਫ਼ੀਮ ਤੇ 10 ਵਾਹਨ ਜ਼ਬਤ ਕੀਤੇ। ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਇਹ ਕਾਰਵਾਈ ਕੀਤੀ ਗਈ ਹੈ।