ਜਨੇਵਾ:ਡੈਨਮਾਰਕ ਅਤੇ ਇੰਗਲੈਂਡ ਨੇ ਵਿਸ਼ਵ ਕੱਪ ਫੁਟਬਾਲ ਕੁਆਲੀਫਾਈ ਮੈਚ ਵਿੱਚ ਜਿੱਤ ਨਾਲ ਯੂਰੋਪੀ ਗਰੁੱਪ ਗੇੜ ਵਿੱਚ ਆਪਣੀ ਮੁਹਿੰਮ ਨੂੰ ਨਵੀਂ ਬੁਲੰਦੀ ’ਤੇ ਪਹੁੰਚਾਇਆ ਹੈ। ਸਕਾਟਲੈਂਡ, ਸਰਬੀਆ, ਸਵੀਡਨ, ਸਵਿਟਜ਼ਰਲੈਂਡ ਅਤੇ ਯੂਕਰੇਨ ਨੇ ਵੀ ਅਗਲੇ ਸਾਲ ਕਤਰ ਵਿੱਚ ਹੋਣ ਵਾਲੇ ਟੂਰਨਾਮੈਂਟ ਵਿੱਚ ਥਾਂ ਬਣਾਉਣ ਲਈ ਘੱਟ ਤੋਂ ਘੱਟ ਪਲੇਅ-ਆਫ ਵਿੱਚ ਥਾਂ ਪੱਕੀ ਕਰਨ ਵੱਲ ਕਦਮ ਵਧਾਏ ਹਨ। ਡੈਨਮਾਰਕ ਨੇ ਗਰੁੱਪ ‘ਐੱਫ’ ਵਿੱਚ ਮੋਲਦੋਵਾ ਨੂੰ 4-0 ਨਾਲ ਸ਼ਿਕਸਤ ਦਿੱਤੀ। ਇਹ ਉਸ ਦੀ ਲਗਾਤਾਰ ਸੱਤਵੀਂ ਜਿੱਤ ਹੈ। ਉਹ ਹੁਣ ਤੱਕ 26 ਗੋਲ ਕਰ ਚੁੱਕਿਆ ਹੈ। ਡੈਨਮਾਰਕ ਜੇ ਅਗਲੇ ਮੈਚ ਵਿੱਚ ਆਸਟਰੀਆ ਨੂੰ ਹਰਾ ਦਿੰਦਾ ਹੈ ਤਾਂ ਉਹ ਵਿਸ਼ਵ ਕੱਪ ਲਈ ਕੁਆਲੀਫਾਈ ਕਰ ਲਵੇਗਾ। ਗਰੁੱਪ ਦੇ ਹੋਰ ਮੈਚਾਂ ਵਿੱਚ ਸਕਾਟਲੈਂਡ ਨੇ ਇਜ਼ਰਾਇਲ ਨੂੰ 3-2 ਨਾਲ ਹਰਾਇਆ, ਜਦਕਿ ਆਸਟਰੀਆ ਨੇ ਫੇਰੋਈ ਆਇਰਲੈਂਡ ’ਤੇ 2-0 ਨਾਲ ਜਿੱਤ ਦਰਜ ਕੀਤੀ। ਇੰਗਲੈਂਡ ਨੇ ਗਰੁੱਪ ‘ਆਈ’ ਵਿੱਚ ਐਂਡੋਰਾ ਨੂੰ 5-0 ਨਾਲ ਕਰਾਰੀ ਮਾਤ ਦਿੱਤੀ। ਉਹ ਗਰੁੱਪ ਵਿੱਚ ਦੂਜੇ ਸਥਾਨ ’ਤੇ ਕਾਬਜ਼ ਹੈ।