ਰਤੀਆ, ਸ਼ਹਿਰ ਅਤੇ ਆਸ ਪਾਸ ਇਲਾਕਿਆਂ ’ਚ ਮਲੇਰੀਏ ਮਗਰੋਂ ਹੁਣ ਡੇਂਗੂ ਫੈਲਣ ਮਗਰੋਂ ਸਿਹਤ ਵਿਭਾਗ ਹਰਕਤ ਵਿੱਚ ਆ ਗਿਆ ਹੈ। ਸਿਹਤ ਵਿਭਾਗ ਨੇ ਹਾਲਾਂਕਿ ਡੇਂਗੂ ਤੋਂ ਪੀੜਤ 8 ਮਰੀਜ਼ਾਂ ਦੀ ਪੁਸ਼ਟੀ ਕੀਤੀ ਹੈ, ਪਰ ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਰਤੀਆ ਇਲਾਕੇ ਦੇ ਜ਼ਿਆਦਾਤਰ ਡੇਂਗੂ ਤੋਂ ਪੀੜਤ ਮਰੀਜ਼ ਵੱਖ ਵੱਖ ਪ੍ਰਾਈਵੇਟ ਹਸਪਤਾਲਾਂ ਵਿੱਚ ਆਪਣਾ ਇਲਾਜ ਕਰਵਾ ਰਹੇ ਹਨ, ਜਿਸ ਕਾਰਨ ਉਪਰੋਕਤ ਬਿਮਾਰੀ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਕਾਫ਼ੀ ਮੰਨੀ ਜਾ ਰਹੀ ਹੈ। ਸਥਿਤੀ ਨੂੰ ਦੇਖਦਿਆਂ ਸਿਹਤ ਵਿਭਾਗ ਮਲੇਰੀਆ ਦੇ ਡਾਇਰੈਕਟਰ ਡਾ. ਸੂਰਜਭਾਨ ਕੰਬੋਜ ਨੇ ਹਸਪਤਾਲ ਦਾ ਨਿਰੀਖਣ ਕੀਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਬਾਰਿਸ਼ ਤੋਂ ਬਾਅਦ ਇਲਾਕੇ ਵਿੱਚ ਬੁਖਾਰ ਦੇ ਮਰੀਜ਼ਾਂ ਦੀ ਗਿਣਤੀ ਵੱਧ ਗਈ ਹੈ ਜਿਸ ਦੇ ਚੱਲਦੇ ਸਾਰੇ ਸਰਕਾਰੀ ਅਤੇ ਨਿੱਜੀ ਹਸਪਤਾਲ ਮਰੀਜ਼ਾਂ ਨਾਲ ਭਰੇ ਪਏ ਹਨ। ਇਲਾਕੇ ਵਿੱਚ ਜਿੱਥੇ ਹੁਣ ਤੱਕ 32 ਲੋਕ ਮਲੇਰੀਆ ਦੇ ਪਾਜ਼ੀਟਿਵ ਪਾਏ ਗਏ ਹਨ, ਉਥੇ ਹੀ ਹੁਣ ਡੇਂਗੂ ਦੇ 8 ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ। ਵਿਭਾਗ ਦੇ ਮਲੇਰੀਆ ਡਾਇਰੈਕਟਰ ਡਾ. ਸੂਰਜਭਾਨ ਕੰਬੋਜ ਨੇ ਸਰਕਾਰੀ ਹਸਪਤਾਲ ਦਾ ਨਿਰੀਖਣ ਕੀਤਾ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਬੁਖਾਰ ਤੋਂ ਪੀੜਤ ਮਰੀਜ਼ਾਂ ਦੀਆਂ ਸਲਾਈਡਾਂ ਬਣਾ ਕੇ ਉਨ੍ਹਾਂ ਦਾ ਸਹੀ ਇਲਾਜ ਕੀਤਾ ਜਾਵੇ। ਡੇਂਗੂ ਦੇ ਵੱਡੀ ਗਿਣਤੀ ਮਰੀਜ਼ ਸਾਹਮਣੇ ਆਉਣ ਮਗਰੋਂ ਸਿਹਤ ਵਿਭਾਗ ਪੂਰੀ ਤਰ੍ਹਾਂ ਚੌਕਸ ਹੋ ਗਿਆ ਹੈ ਅਤੇ ਇਸ ਦੇ ਲਈ ਘਰ ਘਰ ਟੀਮਾਂ ਭੇਜ ਕੇ ਸਲਾਈਡਾਂ ਬਣਾਈਆਂ ਜਾ ਰਹੀਆਂ ਹਨ। ਸਿਹਤ ਵਿਭਾਗ ਦੀ ਟੀਮ ਵੱਲੋਂ ਬਣਾਈਆਂ ਗਈਆਂ ਸਲਾਈਡਾਂ ਨੂੰ ਸਿਵਲ ਹਸਪਤਾਲ ਦੀ ਲੈਬ ਵਿੱਚ ਵਿਸ਼ੇਸ਼ ਤੌਰ ’ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਲਈ ਐੱਸਐੱਮਓ ਡਾ. ਵਿਜੇ ਜੈਨ ਨੇ ਵੱਖਰੇ ਤੌਰ ’ਤੇ 8 ਟੀਮਾਂ ਗਠਿਤ ਕੀਤੀਆਂ ਹਨ।
ਐੱਸਐੱਮਓ ਨੇ ਮਲੇਰੀਆ ਅਤੇ ਡੇਂਗੂ ਤੋਂ ਪੀੜਤ ਮਰੀਜ਼ਾਂ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਨਿਰੰਤਰ ਸਬੰਧਤ ਪ੍ਰਭਾਵਿਤ ਮਰੀਜ਼ਾਂ ਦੇ ਘਰਾਂ ਦੇ ਆਸ ਪਾਸ ਦੇ ਘਰਾਂ ’ਚ ਵਿਸ਼ੇਸ਼ ਨਿਰੀਖਣ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਉਪਰੋਕਤ ਟੀਮਾਂ ਵੱਲੋਂ 600 ਤੋਂ ਵੀ ਜ਼ਿਆਦਾ ਮਰੀਜ਼ਾਂ ਦੀਆਂ ਸਲਾਈਡਾਂ ਬਣਾ ਕੇ ਲੈਬ ਵਿੱਚ ਭੇਜੀਆਂ ਗਈਆਂ ਹਨ ਅਤੇ ਇਸ ਲਈ ਵਿਸ਼ੇਸ਼ ਟੀਮ ਗਠਿਤ ਕਰਕੇ ਜਾਂਚ ਕਰਵਾਈ ਜਾ ਰਹੀ ਹੈ। ਲੋਕਾਂ ਨੂੰ ਬਿਮਾਰੀਆਂ ਤੋਂ ਬਚਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਲੋਕਾਂ ਦੇ ਘਰਾਂ ਦੇ ਆਸ ਪਾਸ ਖੜ੍ਹੇ ਗੰਦੇ ਪਾਣੀ ਵਿੱਚ ਤੇਲ ਦਾ ਛਿੜਕਾਅ ਕਰਨ ਤੋਂ ਇਲਾਵਾ ਟੈਂਕੀਆਂ ਨੂੰ ਖਾਲੀ ਵੀ ਕਰਵਾ ਰਹੀ ਹੈ। ਐਸਐਮਓ ਨੇ ਸਿਹਤ ਵਿਭਾਗ ਵੱਲੋਂ ਗਠਿਤ ਟੀਮ ਨਾਲ ਨਿਰਦੇਸ਼ ਵੀ ਦਿੱਤੇ। ਮਰੀਜ਼ਾਂ ਦੀਆਂ ਸਲਾਈਡਾਂ ਦੀ ਜਾਂਚ ਮਗਰੋਂ ਹੋਰ ਮਰੀਜ਼ ਸਾਹਮਣੇ ਆ ਸਕਦੇ ਹਨ।