ਨਵੀਂ ਦਿੱਲੀ, 31 ਮਈ
ਡਿਸਕਸ ਥਰੋਅਰ ਦੇ ਸੀਨੀਅਰ ਅਥਲੀਟ ਵਿਕਾਸ ਗੌੜਾ ਨੇ 15 ਸਾਲ ਤੋਂ ਵੱਧ ਖੇਡਣ ਮਗਰੋਂ ਅੱਜ ਸੰਨਿਆਸ ਲੈ ਲਿਆ ਹੈ। ਚਾਰ ਵਾਰ ਦੇ ਓਲੰਪੀਅਨ ਦਾ ਇਹ ਫ਼ੈਸਲਾ ਹਾਲਾਂਕਿ ਹੈਰਾਨ ਕਰਨ ਵਾਲਾ ਨਹੀਂ ਹੈ ਕਿਉਂਕਿ ਪਿਛਲੇ ਸਾਲ ਭੁਵਨੇਸ਼ਵਰ ਵਿੱਚ ਏਸ਼ਿਆਈ ਚੈਂਪੀਅਨਸ਼ਿਪ ਦੌਰਾਨ ਕਾਂਸੀ ਦਾ ਤਗ਼ਮਾ ਜਿੱਤਣ ਮਗਰੋਂ ਉਸ ਨੇ ਕਿਸੇ ਵੱਡੇ ਕੌਮਾਂਤਰੀ ਟੂਰਨਾਮੈਂਟ ਵਿੱਚ ਹਿੱਸਾ ਨਹੀਂ ਲਿਆ।
ਭਾਰਤੀ ਅਥਲੈਟਿਕਸ ਸੰਘ (ਏਐਫਆਈ) ਨੇ ਆਪਣੇ ਟਵਿੱਟਰ ਪੇਜ ’ਤੇ ਉਸ ਦੇ ਸੰਨਿਆਸ ਦਾ ਐਲਾਨ ਕੀਤਾ ਹੈ। ਵਿਕਾਸ ਨੇ ਚਿੱਠੀ ਲਿਖ ਕੇ ਏਐਫਆਈ ਨੂੰ ਆਪਣੇ ਫ਼ੈਸਲੇ ਬਾਰੇ ਜਾਣੂੰ ਕਰਵਾਇਆ। ਕਰਨਾਟਕ ਦੇ ਮੈਸੂਰ ਵਿੱਚ ਜਨਮੇ ਵਿਕਾਸ ਦਾ ਪਰਿਵਾਰ ਅਮਰੀਕਾ ਵਿੱਚ ਰਹਿ ਰਿਹਾ ਹੈ। ਉਸ ਦੇ ਪਿਤਾ ਵੀ ਅਥਲੀਟ ਰਹਿ ਚੁੱਕੇ ਹਨ।
ਵਿਕਾਸ ਨੇ 2012 ਵਿੱਚ 66.28 ਮੀਟਰ ਦੀ ਦੂਰੀ ਨਾਲ ਕੌਮੀ ਰਿਕਾਰਡ ਬਣਾਇਆ ਸੀ, ਜੋ ਹੁਣ ਵੀ ਉਸ ਦੇ ਨਾਮ ਹੈ। ਉਸ ਨੇ 2013 ਅਤੇ 2015 ਏਸ਼ਿਆਈ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਉਸ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ (2010) ਅਤੇ ਸੋਨ (2014) ਤਗ਼ਮਾ ਜਿੱਤਿਆ ਸੀ। ਏਸ਼ਿਆਈ ਖੇਡਾਂ ਵਿੱਚ ਵੀ ਉਸ ਨੇ ਦੋ (ਕਾਂਸੀ ਅਤੇ ਚਾਂਦੀ) ਤਗ਼ਮੇ ਜਿੱਤੇ ਹਨ।