ਓਟਾਵਾ— ਸਾਊਦੀ ਅਰਬ ਨੇ ਕੈਨੇਡਾ ਦੇ ਰਾਜਦੂਤ ਨੂੰ ਦੇਸ਼ ਛੱਡਣ ਦਾ ਹੁਕਮ ਦੇਣ ਤੋਂ ਬਾਅਦ ਕੈਨੇਡੀਅਨ ਵਿਦਿਆਰਥੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਨੂੰ ਰੋਕ ਦਿੱਤਾ ਹੈ ਤੇ ਉਨ੍ਹਾਂ ਦੀ ਦੁਬਾਰਾ ਨਿਸ਼ਾਨਦੇਹੀ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਸਾਊਦੀ ਅਰਬ ਨੇ ਆਪਣੇ ਅੰਦਰੂਨੀ ਮਾਮਲਿਆਂ ‘ਚ ਦਖਲ ਦਾ ਦੋਸ਼ ਲਾ ਕੇ ਕੈਨੇਡਾ ਦੇ ਰਾਜਦੂਤ ਨੂੰ ਦੇਸ਼ ਛੱਡਣ ਅਤੇ ਆਪਣੇ ਰਾਜਦੂਤ ਨੂੰ ਵਾਪਸ ਬੁਲਾਉਣ ਦਾ ਐਲਾਨ ਕੀਤਾ। ਨਾਲ ਹੀ ਉਸ ਨੇ ਕੈਨੇਡਾ ਨਾਲ ਵਪਾਰਕ ਸਬੰਧਾਂ ‘ਤੇ ਵੀ ਰੋਕ ਲਗਾ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਕੈਨੇਡਾ ਦਾ ਬੀਤੇ ਹਫਤੇ ਬਿਆਨ ਆਇਆ ਸੀ ਕਿ ਉਹ ਦੇਸ਼ ‘ਚ ਔਰਤਾਂ ਤੇ ਮਨੁੱਖੀ ਅਧਿਕਾਰ ਵਰਕਰਾਂ ਦੀਆਂ ਗ੍ਰਿਫਤਾਰੀਆਂ ਨੂੰ ਲੈ ਕੇ ਚਿੰਤਾ ‘ਚ ਹੈ। ਇਸ ਦੇ ਨਾਲ ਹੀ ਰਿਆਦ ਵਿਚ ਕੈਨੇਡੀਅਨ ਦੂਤਘਰ ਨੇ ਜੇਲ ਵਿਚ ਬੰਦ ਮਨੁੱਖੀ ਅਧਿਕਾਰ ਵਰਕਰਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਸਾਊਦੀ ਅਰਬ ਨੇ ਕੈਨੇਡਾ ਖਿਲਾਫ ਸਖਤ ਰੁਖ ਅਖਤਿਆਰ ਕਰ ਲਿਆ। ਸਾਊਦੀ ਅਰਬ ਨੇ ਕੈਨੇਡੀਅਨ ਰਾਜਦੂਤ ਨੂੰ ਦੇਸ਼ ਛੱਡਣ ਲਈ 24 ਘੰਟਿਆਂ ਦਾ ਸਮਾਂ ਦਿੱਤਾ। ਇਹ ਕਦਮ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਦੀ ਹਮਲਾਵਰ ਵਿਦੇਸ਼ੀ ਨੀਤੀ ਨੂੰ ਦਰਸਾਉਂਦਾ ਹੈ। ਮੀਡੀਆ ‘ਚ ਆਏ ਬਿਆਨ ‘ਚ ਇਹ ਵੀ ਕਿਹਾ ਗਿਆ ਕਿ ਸਰਕਾਰ ਨੇ ਪਹਿਲਾਂ ਤੋਂ ਹੀ ਆਪਣੇ ਜ਼ਰੂਰੀ ਪਲਾਨ ਤਹਿਤ ਕੈਨੇਡੀਅਨ ਵਿਦਿਆਰਥੀਆਂ ਨੂੰ ਟ੍ਰਾਂਸਫਰ ਕਰਨ ਤੇ ਹੋਰਾਂ ਬਾਰੇ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਹੈ। ਕੈਨੇਡਾ ਨੇ ਸਾਊਦੀ ਅਰਬ ਦੇ ਇਸ ਕਦਮ ‘ਤੇ ਗਹਿਰੀ ਚਿੰਤਾ ਵਿਅਕਤੀ ਕੀਤੀ ਹੈ। ਕੈਨੇਡਾ ਦੀ ਵਿਦੇਸ਼ ਮੰਤਾਰਲੇ ਦੀ ਬੁਲਾਰਨ ਮੇਰੀ ਪੀਰ ਬੇਰਿਲ ਨੇ ਕਿਹਾ ਕਿ ਅਸੀਂ ਇਨ੍ਹਾਂ ਖਬਰਾਂ ਨਾਲ ਚਿੰਤਿਤ ਹਾਂ ਤੇ ਸਾਊਦਾ ਅਰਬ ਦੇ ਹਾਲੀਆ ਬਿਆਨ ‘ਤੇ ਸਪੱਸ਼ਟੀ ਕਰਨ ਚਾਹੁੰਦੇ ਹਾਂ। ਜ਼ਿਕਰਯੋਗ ਹੈ ਕਿ ਸਾਊਦੀ ਅਰਬ ਦੇ 8000 ਤੋਂ ਜ਼ਿਆਦਾ ਵਿਦਿਆਰਥੀ ਇਸ ਵੇਲੇ ਕੈਨੇਡਾ ‘ਚ ਹਨ ਤੇ ਕੈਨੇਡਾ ਦੇ ਵਿਦਿਆਰਥੀਆਂ ਸਣੇ 6,400 ਤੋਂ ਵਧੇਰੇ ਲੋਕ ਸਾਊਦੀ ਅਰਬ ‘ਚ ਹਨ।

ਇਸ ਤੋਂ ਪਹਿਲਾਂ ਸਾਊਦੀ ਵਿਦੇਸ਼ ਮੰਤਰਾਲੇ ਨੇ ਆਪਣੇ ਟਵੀਟ ‘ਚ ਕਿਹਾ ਸੀ ਕਿ ਕੈਨੇਡਾ ਦਾ ਰੁਖ਼ ਸਾਊਦੀ ਅਰਬ ਦੇ ਅੰਦਰੂਨੀ ਮਾਮਲਿਆਂ ‘ਚ ਖੁੱਲ੍ਹਮ-ਖੁੱਲ੍ਹਾ ਅਤੇ ਜ਼ਬਰਦਸਤੀ ਦਖਲ ਅੰਦਾਜੀ ਦਾ ਹੈ। ਮੰਤਰਾਲੇ ਨੇ ਕਿਹਾ ਕਿਹਾ ਕਿ ਸਾਊਦੀ ਅਰਬ ਐਲਾਨ ਕਰਦਾ ਹੈ ਕਿ ਉਹ ਸਲਾਹ-ਮਸ਼ਵਰੇ ਲਈ ਕੈਨੇਡਾ ਵਿਚ ਆਪਣੇ ਰਾਜਦੂਤ ਨੂੰ ਵਾਪਸ ਬੁਲਾ ਰਿਹਾ ਹੈ। ਸਾਡਾ ਮੰਨਣਾ ਹੈ ਕਿ ਦੇਸ਼ ਵਿਚ ਕੈਨੇਡਾ ਦੇ ਰਾਜਦੂਤ ਦੀ ਲੋੜ ਨਹੀਂ ਹੈ ਅਤੇ ਉਨ੍ਹਾਂ ਨੇ ਅਗਲੇ 24 ਘੰਟਿਆਂ ਦੇ ਅੰਦਰ ਜਾਣ ਦਾ ਹੁਕਮ ਦਿੱਤਾ ਹੈ। ਨਾਲ ਹੀ ਮੰਤਰਾਲੇ ਨੇ ਕਿਹਾ ਕਿ ਅੱਗੇ ਦੀ ਕਾਰਵਾਈ ਦੇ ਅਧਿਕਾਰ ਨੂੰ ਬਰਕਰਾਰ ਰੱਖਦੇ ਹੋਏ ਕੈਨੇਡਾ ਨਾਲ ਸਾਰੇ ਨਵੇਂ ਵਪਾਰਕ ਅਤੇ ਨਿਵੇਸ਼ਾਤਮਕ ਲੈਣ-ਦੇਣ ‘ਤੇ ਰੋਕ ਲਾਈ ਜਾਂਦੀ ਹੈ।