ਮੁੰਬਈ, ਫਿ਼ਲਮਸਾਜ਼ ਵਿਜੇ ਰਤਨਾਕਰ ਗੁੱਟੇ ਨੂੰ 34 ਕਰੋੜ ਰੁਪਏ ਤੋਂ ਵੱਧ ਦੇ ‘ਮਾਲ ਤੇ ਸੇਵਾ ਟੈਕਸ` (ਜੀਐੱਸਟੀ) ਧੋਖਾਧੜੀ ਦੇ ਮਾਮਲੇ `ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਜੀਐੱਸਟੀ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮਾਲ ਤੇ ਸੇਵਾ ਟੈਕਸ ਖ਼ੁਫ਼ੀਆ ਡਾਇਰੈਕਟੋਰੇਟ ਜਨਰਲ (ਡੀਜੀਜੀਐੱਸਟੀਆਈ) ਨੇ ਵੀਰਵਾਰ ਨੂੰ ‘ਦਿ ਐਕਸੀਡੈਂਟਲ ਪ੍ਰਾਈਮ ਮਿਨਿਸਟਰ` ਦੇ ਡਾਇਰੈਕਟਰ ਗੁੱਟੇ ਨੂੰ ਗ੍ਰਿਫ਼ਤਾਰ ਕੀਤਾ ਤੇ ਇੱਥੋਂ ਦੀ ਮੈਟਰੋਪਾਲਿਟਨ ਮੈਜਿਸਟ੍ਰੇਟ ਦੀ ਅਦਾਲਤ `ਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ 14 ਅਗਸਤ ਤੱਕ ਲਈ ਨਿਆਂਇਕ ਹਿਰਾਸਤ `ਚ ਭੇਜ ਦਿੱਤਾ ਹੈ। ਇੱਥੇ ਵਰਨਣਯੋਗ ਹੈ ਕਿ ਫਿ਼ਲਮ ‘ਦਿ ਐਕਸੀਡੈਂਟਲ ਪ੍ਰਾਈਮ ਮਿਨਿਸਟਰ` ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਜੀਵਨ ਤੋਂ ਪ੍ਰੇਰਿਤ ਹੈ।
ਗੁੱਟੇ ਨੂੰ ਸੀਜੀਐੱਸਟੀ ਕਾਨੂੰਨ ਦੀ ਧਾਰਾ 132(1)(ਸੀ) ਅਧੀਨ ਗ੍ਰਿਫ਼ਤਾਰ ਕੀਤਾ ਗਿਆ। ਇਹ ਧਾਰਾ ਮਾਲ ਜਾਂ ਸੇਵਾਵਾਂ ਦੀ ਸਪਲਾਈ ਤੋਂ ਬਿਨਾ ਜਾਰੀ ਕੀਤੇ ਗਏ ਬਿਲ ਦੀ ਵਰਤੋਂ ਕਰ ਕੇ ਗ਼ਲਤ ਤਰੀਕੇ ਨਾਲ ਇਨਪੁੱਟ ਟੈਕਸ ਕ੍ਰੈਡਿਟ ਹਾਸਲ ਕਰਨ ਨਾਲ ਜੁੜੀ ਹੋਈ ਹੈ।
ਅਧਿਕਾਰੀ ਨੇ ਦੱਸਿਆ ਕਿ ਗੁੱਟੇ ਦੀ ਕੰਪਨੀ ਵੀਆਰਜੀ ਡਿਜੀਟਲ ਕਾਰਪ. ਪ੍ਰਾਈਵੇਟ ਲਿਮਿਟੇਡ ਨੇ ਕਥਿਤ ਤੌਰ `ਤੇ ਐਨੀਮੇਸ਼ਨ ਤੇ ਦੂਜੀਆਂ ਸੇਵਾਵਾਂ ਲਈ ਕਿਸੇ ਹੋਰ ਕੰਪਨੀ ਹੌਰਾਇਜ਼ਨ ਆਊਟਸੋਰਸ ਸਾਲਿਯੂਸ਼ਨਜ਼ ਪ੍ਰਾਈਵੇਟ ਲਿਮਿਟੇਡ ਤੋਂ 34.37 ਕਰੋੜ ਰੁਪਏ ਦੇ ਜੀਐੱਸਟੀ ਸਬੰਧੀ 149 ਫ਼ਰਜ਼ੀ ਬਿਲ ਹਾਸਲ ਕੀਤੇ। ਇਸ ਵਰ੍ਹੇ ਮਈ `ਚ ਡੀਜੀਜੀਐੱਸਟੀਆਈ ਨੇ ਜੀਐੱਸਟੀ ਸਬੰਧੀ ਕਥਿਤ ਧੋਖਾਧੜੀ ਲਈ ਹੌਰਾਇਜ਼ਨ ਆਊਟਸੋਰਸ ਸਾਲਿਯੂਸ਼ਨਜ਼ ਪ੍ਰਾਈਵੇਟ ਲਿਮਿਟੇਡ ਦੇ ਡਾਇਰੈਕਟਰ ਨੂੰ ਗ੍ਰਿਫ਼ਤਾਰ ਕੀਤਾ ਸੀ।
ਗੁੱਟੇ ਇਸ ਤੋਂ ਪਹਿਲਾਂ ‘ਇਮੋਸ਼ਨਲ ਅੱਤਿਆਚਾਰ,` ‘ਟਾਈਮ ਬਾਰਾ ਵੇਟ` ਅਤੇ ‘ਬਦਮਾਸ਼ੀਆਂ` ਜਿਹੀਆਂ ਫਿ਼ਲਮਾਂ ਤਿਆਰ ਕਰ ਚੁੱਕੇ ਹਨ। ਡਾਇਰੈਕਟਰ ਵਜੋਂ ‘ਦਿ ਐਕਸੀਡੈਂਟਲ ਪ੍ਰਾਈਮ ਮਿਨਿਸਟਰ` ਗੁੱਟੇ ਦੀ ਪਹਿਲੀ ਫਿ਼ਲਮ ਹੈ। ਫਿ਼ਲਮ ਇਸ ਵਰ੍ਹੇ 21 ਦਸੰਬਰ ਨੂੰ ਰਿਲੀਜ਼ ਹੋਵੇਗੀ। ਇਹ ਫਿ਼ਲਮ ਡਾ. ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਦੇ ਕਾਰਜਕਾਲ ਦੌਰਾਨ ਉਨ੍ਹਾਂ ਦੇ ਕੰਮਕਾਜ ਦੇ ਤਰੀਕਿਆਂ ਬਾਰੇ ਉਨ੍ਹਾਂ ਦੇ ਤਤਕਾਲੀਨ ਮੀਡੀਆ ਸਲਾਹਕਾਰ ਸੰਜੇ ਬਾਰੂ ਵੱਲੋਂ ਲਿਖੀ ਗਈ ਇਸੇ ਨਾਂਅ ਦੀ ਕਿਤਾਬ `ਤੇ ਆਧਾਰਤ ਹੈ।