ਓਟਵਾ, 6 ਦਸੰਬਰ : ਫੈਡਰਲ ਪੱਧਰ ਉੱਤੇ ਲਿਬਰਲਾਂ ਵੱਲੋਂ ਅੱਜ ਹਾਊਸ ਆਫ ਕਾਮਨਜ਼ ਵਿੱਚ ਇੱਕ ਬਿੱਲ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ ਜਿਹੜਾ ਨਸਿ਼ਆਂ ਨਾਲ ਸਬੰਧਤ ਜੁਰਮਾਂ ਲਈ ਰੱਖੀਆਂ ਗਈਆਂ ਘੱਟ ਤੋਂ ਘੱਟ ਸਜ਼ਾਵਾਂ ਨੂੰ ਮਨਸੂਖ ਕਰਨ ਲਈ ਜ਼ੋਰ ਲਾਵੇਗਾ।
ਸੁ਼ੱਕਰਵਾਰ ਨੂੰ ਸਰਕਾਰ ਨੇ ਹਾਊਸ ਆਫ ਕਾਮਨਜ਼ ਵਿੱਚ ਰੋਸ਼ਨੀ ਪਾਉਂਦਿਆਂ ਇਹ ਦੱਸਿਆ ਸੀ ਕਿ ਕ੍ਰਿਮੀਨਲ ਕੋਡ ਤੇ ਫੈਡਰਲ ਡਰੱਗ ਲਾਅਜ਼ ਨੂੰ ਸੋਧਣ ਲਈ ਬਿੱਲ ਸੋਮਵਾਰ ਨੂੰ ਪੇਸ਼ ਕੀਤਾ ਜਾਵੇਗਾ।ਅਗਸਤ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਚੋਣ ਕੈਂਪੇਨ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਜਿਹਾ ਬਿੱਲ ਲਿਬਰਲਾਂ ਵੱਲੋਂ ਫਰਵਰੀ ਵਿੱਚ ਪੇਸ਼ ਕੀਤਾ ਗਿਆ ਸੀ ਪਰ ਉਹ ਪਾਰਲੀਆਮੈਂਟ ਦੀ ਮਨਜੂ਼ਰੀ ਹਾਸਲ ਨਹੀਂ ਸੀ ਕਰ ਸਕਿਆ।
ਜੇ ਉਹ ਬਿੱਲ ਪਾਸ ਹੋ ਜਾਂਦਾ ਤਾਂ ਉਸ ਦੀ ਵਰਤੋਂ ਕੰਡੀਸ਼ਨਲ ਸਜ਼ਾਵਾਂ, ਜਿਵੇਂ ਕਿ ਘਰਾਂ ਵਿੱਚ ਨਜ਼ਰਬੰਦ ਕੀਤਾ ਜਾਣਾ, ਕਾਊਂਸਲਿੰਗ ਜਾਂ ਇਲਾਜ, ਜਿਹੜੇ ਲੋਕ ਜਨਤਾ ਦੀ ਸੁਰੱਖਿਆ ਲਈ ਖਤਰਾ ਨਹੀਂ ਹਨ ਆਦਿ ਵਾਸਤੇ ਹੋ ਸਕਦੀ ਸੀ। ਸਰਕਾਰ ਉਸ ਬਿੱਲ ਬਾਰੇ ਇਹ ਸੋਚ ਰਹੀ ਸੀ ਕਿ ਕਈ ਅਜਿਹੇ ਮੁਜਰਮ ਹੁੰਦੇ ਹਨ ਜਿਨ੍ਹਾਂ ਤੋਂ ਲੋਕਾਂ ਨੂੰ ਕੋਈ ਖਤਰਾ ਨਹੀਂ ਹੁੰਦਾ ਤੇ ਕਈ ਪਹਿਲੀ ਵਾਰੀ ਗੁਨਾਹ ਕਰਨ ਵਾਲੇ ਹੁੰਦੇ ਹਨ ਜਿਨ੍ਹਾਂ ਨੂੰ ਸਜ਼ਾਵਾਂ ਮਿਲਦੀਆਂ ਹਨ, ਇਨ੍ਹਾਂ ਵਿੱਚ ਅਕਸਰ ਇੰਡੀਜੀਨਸ ਤੇ ਬਲੈਕ ਲੋਕ ਸ਼ਾਮਲ ਹੁੰਦੇ ਹਨ।
ਇਹ ਬਿੱਲ ਜਸਟਿਸ ਮੰਤਰੀ ਡੇਵਿਡ ਲਾਮੇਟੀ ਵੱਲੋਂ ਪੇਸ਼ ਕੀਤਾ ਗਿਆ। ਹਾਊਸ ਆਫ ਕਾਮਨਜ਼ ਵਿੱਚ ਅੱਜ ਕੀਤੀ ਜਾਣ ਵਾਲੀ ਚਰਚਾ ਤਹਿਤ ਕਈ ਹੋਰ ਮੁੱਦੇ ਵਿਚਾਰੇ ਜਾਣੇ ਚਾਹੀਦੇ ਹਨ ਜਿਨ੍ਹਾਂ ਵਿੱਚੋਂ ਨਵੇਂ ਪੈਨਡੈਮਿਕ ਬਿੱਲ ਨੂੰ ਵਿਰੋਧੀ ਕੰਜ਼ਰਵੇਟਿਵਾਂ ਵੱਲੋਂ ਦੋ ਹਿੱਸਿਆਂ ਵਿੱਚ ਵੰਡਣ ਦੀ ਤਜਵੀਜ਼ ਵੀ ਹੈ। ਕੰਜ਼ਰਵੇਟਿਵ ਚਾਹੁੰਦੇ ਹਨ ਕਿ ਬਿੱਲ ਦੇ ਇਨ੍ਹਾਂ ਦੋ ਹਿੱਸਿਆਂ ਲਈ ਐਮਪੀਜ਼ ਬਿਜ਼ਨਸਿਜ਼ ਤੇ ਵਰਕਰਜ਼ ਲਈ ਵੱਖਰੇ ਤੌਰ ਉੱਤੇ ਵੋਟ ਕਰਨ।ਲਿਬਰਲਾਂ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਹਨ ਦੋ ਹਫਤਿਆਂ ਵਿੱਚ ਐਮਪੀਜ਼ ਦੇ ਛੁੱਟੀਆਂ ਉੱਤੇ ਜਾਣ ਤੋਂ ਪਹਿਲਾਂ ਇਸ ਏਡ ਬਿੱਲ ਉੱਤੇ ਬਹਿਸ ਕਰਵਾ ਲੈਣ।