ਟੋਰਾਂਟੋ— ਟਰਾਂਟੋ ‘ਚ ਜਿਥੇ ਮਕਾਨਾਂ ਦੀ ਵਿਕਰੀ 34.8 ਫੀਸਦੀ ਗਿਰਾਵਟ ਦਰਜ ਕੀਤੀ ਗਈ ਹੈ ਉਥੇ ਹੀ ਕੀਮਤਾਂ ‘ਚ ਵੀ ਅਪ੍ਰੈਲ ਦੇ ਮਕਾਬਲੇ 20 ਫੀਸਦੀ ਕਮੀ ਆਈ ਹੈ। ਟਰਾਂਟੋ ਰੀਅਲ ਅਸਟੇਟ ਬੋਰਡ ਵੱਲੋਂ ਜਾਰੀ ਅਗਸਤ ਦੇ ਅੰਕੜਿਆਂ ਮੁਤਾਬਕ ਇਕ ਮਕਾਨ ਦੀ ਔਸਤ ਕੀਮਤ 732,292 ਡਾਲਰ ਰਹੀ ਜੋ ਅਪ੍ਰੈਲ ਦੇ ਮੁਕਾਬਲੇ 1.87 ਲੱਖ ਡਾਲਰ ਘੱਟ ਹੈ। ਅਪ੍ਰੈਲ ‘ਚ ਇਸ ਮਕਾਨ ਦੀ ਔਸਤ ਕੀਮਤ 919,086 ਡਾਲਰ ‘ਤੇ ਪੁੱਜ ਗਈ ਸੀ। ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ‘ਚ ਮੁੜ ਵਾਧਾ ਕੀਤੇ ਜਾਣ ਦੇ ਮੱਦੇਨਜ਼ਰ ਆਉਣ ਵਾਲੇ ਸਮੇਂ ‘ਚ ਮਕਾਨਾਂ ਦੀ ਵਿਕਰੀ ‘ਚ ਹੋਰ ਕਮੀ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ। 
ਟੋਰਾਂਟੋ ਰੀਅਲ ਅਸਟੇਟ ਬੋਰਡ ‘ਚ ਬਾਜ਼ਾਰ ਵਿਸ਼ਲੇਸ਼ਣ ਬਾਰੇ ਡਾਇਰੈਕਟਰ ਜੈਸਨ ਮਰਸਰ ਨੇ ਕਿਹਾ ਕਿ ਵਿਕਰੀ ਲਈ ਆਉਣ ਵਾਲੇ ਨਵੇਂ ਮਕਾਨਾਂ ਦੀ ਗਿਣਤੀ ‘ਚ ਪਿਛਲੇ ਸਾਲ ਦੇ ਮੁਕਾਬਲੇ 6.7 ਫੀਸਦੀ ਕਮੀ ਆਈ ਹੈ ਅਤੇ 2010 ਤੋਂ ਬਾਅਦ ਇਹ ਅੰਕੜਾ ਸਭ ਤੋਂ ਹੇਠਲੇ ਪੱਧਰ ‘ਤੇ ਪੁੱਝ ਗਿਆ ਹੈ। ਰੀਅਲ ਅਸਟੇਟ ਬਜ਼ਾਰਾ ਦੇ ਮਾਹਰਾਂ ਦਾ ਮੰਨਣਾ ਹੈ ਕਿ ਕਈ ਮਹੀਨੇ ਤੱਕ ਅਸਮਾਨੀ ਚੜ੍ਹੇ ਰਹਿਣ ਮਗਰੋਂ ਕੀਮਤਾਂ ਹੁਣ ਆਪਣੇ ਸਹੀ ਆਕਾਰ ‘ਚ ਆ ਰਹੀਆਂ ਹਨ ਜੋ ਕਿ ਬਾਜ਼ਾਰ ਲਈ ਇਕ ਚੰਗਾ ਸੰਕੇਤ ਹੈ। 
ਕੀਮਤਾਂ ‘ਚ ਕਮੀ ਦਾ ਰੁਝਾਨ ਪੁਰੇ ਕੈਨੇਡਾ ‘ਚ ਦਿਖਾਈ ਦੇ ਰਿਹਾ ਹੈ, ਖਾਸ ਤੌਰ ‘ਤੇ ਟੋਰਾਂਟੋ ਅਤੇ ਵੈਨਕੂਵਰ ਵਰਗੇ ਵੱਡੇ ਸ਼ਹਿਰਾਂ ‘ਚ ਜਿਥੇ ਸਧਾਰਨ ਲੋਕਾਂ ਦੇ ਲਈ ਮਕਾਨ ਖਰੀਦਨਣਾ ਇਕ ਸੁਪਣਾ ਬਣ ਗਿਆ ਸੀ। ਸੰਤਬਰ ‘ਚ ਰੀਅਲ ਅਸਟੇਟ ਮਾਹਿਰਾ ਨੇ ਬਾਜ਼ਾਰ ‘ਚ ਮੁੜ ਗਹਿਮਾ-ਗਹਿਮੀ ਸ਼ੁਰੂ ਹੋਣ ਦੀ ਆਸ ਪ੍ਰਗਟਾਈ ਹੈ ਪਰ ਵਿਕਰੀ ਲਈ ਆਉਣ ਵਾਲੇ ਮਕਾਨਾਂ ‘ਚ ਕਮੀ ਅਤੇ ਬੁੱਧਵਾਰ ਨੂੰ ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰ ਵਧਾ ਕੇ ਇਕ ਫੀਸਦੀ ਕੀਤੇ ਜਾਣ ਨਾਲ ਹਾਲਾਤ ਵੱਖਰੇ ਹੀ ਨਜ਼ਰ ਆ ਰਹੇ ਹਨ। ਕੈਨੇਡੀਅਨ ਰੀਅਲ ਅਸਟੇਟ ਐਸੋਸੀਏਸ਼ਨ (ਸੀ. ਆਰ. ਈ. ਏ) ਮੁਤਾਬਕ ਜੁਲਾਈ ‘ਚ ਇਕ ਮਕਾਨ ਦੀ ਔਸਤ ਕੀਮਤ 478,696 ਜੋ ਪਿਛਲੇ ਸਾਲ ਇਸੇ ਸਮੇ ਦੇ ਮੁਕਾਬਲੇ 03 ਫੀਸਦੀ ਘੱਟ ਹੈ। ਸਿਰਫ ਐਨਾ ਹੀ ਨਹੀਂ ਕੌਮੀ ਪੱਧਰ ‘ਤੇ ਮਕਾਨਾਂ ਦੀ ਵਿਕਰੀ ‘ਚ 11.9 ਫੀਸਦੀ ਕਮੀ ਦਰਜ ਕੀਤੀ ਗਈ ਹੈ।