ਓਟਵਾ, 27 ਜਨਵਰੀ : ਹਾਊਸ ਆਫ ਕਾਮਨਜ਼ ਦੀ ਸਕਿਊਰਿਟੀ ਦੀ ਨਿਗਰਾਨੀ ਕਰਨ ਵਾਲੇ ਅਧਿਕਾਰੀਆਂ ਵੱਲੋਂ ਭਲਕ ਤੱਕ ਪਾਰਲੀਆਮੈਂਟ ਹਿੱਲ ਪਹੁੰਚ ਰਹੇ ਟਰੱਕਰਜ਼ ਦੇ ਕਾਫਲੇ ਸਬੰਧੀ ਐਮਪੀਜ਼ ਨੂੰ ਚੇਤਾਵਨੀ ਜਾਰੀ ਕੀਤੀ ਗਈ ਹੈ।
ਪਾਰਲੀਆਮੈਂਟ ਮੈਂਬਰਜ਼ ਨੂੰ ਭੇਜੀ ਗਈ ਇੱਕ ਈਮੇਲ ਵਿੱਚ ਸਾਰਜੈਂਟ ਐਟ ਆਰਮਜ਼ ਪੈਟਰਿੱਕ ਮੈਕਡੌਨਲਡ ਨੇ ਐਮਪੀਜ਼ ਨੂੰ ਆਗਾਹ ਕਰਦਿਆਂ ਆਖਿਆ ਕਿ ਉਨ੍ਹਾਂ ਸਬੰਧੀ ਜਾਣਕਾਰੀ ਨੂੰ ਗਲਤ ਇਰਾਦੇ ਨਾਲ ਪ੍ਰਕਾਸਿ਼ਤ ਵੀ ਕਰਵਾਇਆ ਜਾ ਸਕਦਾ ਹੈ। ਅਜਿਹਾ ਉਨ੍ਹਾਂ ਐਮਪੀਜ਼ ਨਾਲ ਹੋਣ ਦੀ ਸੰਭਾਵਨਾ ਵਧੇਰੇ ਹੈ ਜਿਹੜੇ ਓਟਵਾ-ਗੈਟੀਨਿਊ ਰੀਜਨ ਵਿੱਚ ਰਹਿੰਦੇ ਹਨ। ਜਿ਼ਕਰਯੋਗ ਹੈ ਕਿ ਵੈਕਸੀਨ ਨੂੰ ਲਾਜ਼ਮੀ ਕਰਨ ਖਿਲਾਫ ਪਾਰਲੀਆਮੈਂਟ ਹਿੱਲ ਉੱਤੇ ਮੁਜ਼ਾਹਰਾ ਕਰਨ ਲਈ ਟਰੱਕਾਂ ਦਾ ਕਾਫਲਾ, ਜਿਸ ਨੂੰ ਫਰੀਡਮ ਕੌਨਵੌਏ ਦਾ ਨਾਂ ਦਿੱਤਾ ਗਿਆ ਹੈ, ਪਹੁੰਚ ਰਿਹਾ ਹੈ।
ਇਸ ਕਾਫਲੇ ਵੱਲੋਂ ਆਨਲਾਈਨ 6 ਮਿਲੀਅਨ ਡਾਲਰ ਦੇ ਫੰਡ ਇੱਕਠੇ ਕੀਤੇ ਗਏ ਹਨ। ਇਹ ਕਾਫਲਾ ਕੈਨੇਡੀਅਨਜ਼ ਦੇ ਫੈਡਰਲ ਸਰਕਾਰ ਖਿਲਾਫ ਗੁੱਸੇ ਨੂੰ ਪ੍ਰਗਟਾਉਣ ਤੇ ਮਹਾਂਮਾਰੀ ਕਾਰਨ ਲਾਈਆਂ ਗਈਆਂ ਪਬਲਿਕ ਹੈਲਥ ਪਾਬੰਦੀਆਂ ਖਿਲਾਫ ਆਵਾਜ਼ ਉਠਾਉਣ ਦਾ ਸਾਧਨ ਬਣ ਗਿਆ ਹੈ।ਭਾਵੇਂ ਇਨ੍ਹਾਂ ਟਰੱਕਰਜ਼ ਵੱਲੋਂ ਇੱਥੇ ਸ਼ਨਿੱਚਰਵਾਰ ਨੂੰ ਰੋਸ ਮੁਜ਼ਾਹਰਾ ਕੀਤੇ ਜਾਣ ਦੀ ਸੰਭਾਵਨਾ ਹੈ ਪਰ ਇਸ ਕਾਫਲੇ ਵਿੱਚ ਹਿੱਸਾ ਲੈਣ ਵਾਲਿਆਂ ਦੇ ਸ਼ੁੱਕਰਵਾਰ ਨੂੰ ਹੀ ਇੱਥੇ ਪਹੁੰਚਣ ਦੀ ਉਮੀਦ ਹੈ।
ਇਸ ਦੌਰਾਨ ਕੰਜ਼ਰਵੇਟਿਵ ਆਗੂ ਐਰਿਨ ਓਟੂਲ ਨੇ ਆਖਿਆ ਕਿ ਉਹ ਇਸ ਕਾਫਲੇ ਦੇ ਇੱਥੇ ਪਹੁੰਚਣ ਉੱਤੇ ਟਰੱਕਰਜ਼ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਇਸ ਗੱਲ ਤੋਂ ਇਨਕਾਰ ਕੀਤਾ ਕਿ ਅਜਿਹਾ ਕਰਕੇ ਉਹ ਕੁੱਝ ਸਮਰਥਕਾਂ ਦੇ ਸੁਝਾਵਾਂ ਉੱਤੇ ਮੋਹਰ ਲਾ ਰਹੇ ਹਨ।