ਨਿਊ ਯਾਰਕ, 22 ਅਕਤੂੁਬਰ

ਸਾਬਕਾ ਅਮਰੀਕੀ ਸਦਰ ਡੋਨਲਡ ਟਰੰਪ ਨੇ ਆਪਣੀ ਨਵੀਂ ਮੀਡੀਆ ਕੰਪਨੀ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ, ਜਿਸ ਦਾ ਆਪਣਾ ਖੁ਼ਦ ਦਾ ਸੋਸ਼ਲ ਮੀਡੀਆ ਪਲੈਟਫਾਰਮ ਹੋਵੇਗਾ। ਚੇਤੇ ਰਹੇ ਕਿ ਟਰੰਪ ਨੂੰ ਇਸ ਸਾਲ 6 ਜਨਵਰੀ ਨੂੰ ਅਮਰੀਕੀ ਸੰਸਦ ’ਤੇ ਹੋਏ ਬਗ਼ਾਵਤੀ ਹਮਲੇ ਨੂੰ ਹਵਾ ਦੇਣ ਵਿੱਚ ਨਿਭਾਈ ਭੂਮਿਕਾ ਲਈ ਸੋਸ਼ਲ ਮੀਡੀਆ (ਪਲੈਟਫਾਰਮਾਂ) ਤੋਂ ਬਾਹਰ ਕੱਢ ਦਿੱਤਾ ਗਿਆ ਸੀ। 

ਟਰੰਪ ਨੇ ਕਿਹਾ ਕਿ ਉਨ੍ਹਾਂ ਦਾ ‘ਟਰੰਪ ਮੀਡੀਆ ਐਂਡ ਟੈਕਨਾਲੋਜੀ ਗਰੁੱਪ’ ਤੇ ਇਸ ਦਾ ‘ਟਰੁੱਥ ਸੋਸ਼ਲ’ ਐਪ ਬਣਾਉਣ ਪਿਛਲਾ ਮੁੱਖ ਮਕਸਦ ਉਨ੍ਹਾਂ ਵੱਡੀਆਂ ਟੈੱਕ ਕੰਪਨੀਆਂ ਨੂੰ ਮੁਕਾਬਲਾ ਦੇਣਾ ਹੈ, ਜਿਨ੍ਹਾਂ ਨੇ ਉਸ ਦੇ ਸੋਸ਼ਲ ਮੀਡੀਆ ਖਾਤੇ ਬੰਦ ਕਰ ਦਿੱਤੇ ਸਨ। ਸਾਬਕਾ ਅਮਰੀਕੀ ਸਦਰ ਨੇ ਇਕ ਬਿਆਨ ਵਿੱਚ ਕਿਹਾ, ‘‘ਅਸੀਂ ਉਸ ਦੁਨੀਆ ਵਿੱਚ ਰਹਿੰਦੇ ਹਾਂ, ਜਿਥੇ ਤਾਲਿਬਾਨ ਦੀ ਟਵਿੱਟਰ ’ਤੇ ਵੱਡੀ ਮੌਜੂਦਗੀ ਹੈ, ਪਰ ਤੁਹਾਡੇ ਪਸੰਦੀਦਾ ਅਮਰੀਕੀ ਰਾਸ਼ਟਰਪਤੀ ਦੀ ਆਵਾਜ਼ ਨੂੰ ਖਾਮੋਸ਼ ਕੀਤਾ ਹੋਇਆ ਹੈ। ਇਹ ਸਵੀਕਾਰਯੋਗ ਨਹੀਂ ਹੈ।’’ ਬਿਆਨ ਵਿੱਚ ਕਿਹਾ ਗਿਆ ਹੈ ਕਿ ਨਵੀਂ ਕੰਪਨੀ ਡਿਜੀਟਲ ਵਰਲਡ ਐਕੁਜ਼ੀਸ਼ਨ ਕੋਰਪ. ਨਾਲ ਰਲੇਵੇਂ ਤਹਿਤ ਖੋਲ੍ਹੀ ਜਾਵੇਗੀ ਤੇ ਇਹ ਜਨਤਕ ਤੌਰ ’ਤੇ ਸੂਚੀਬੱਧ ਕੰਪਨੀ ਬਣੇਗੀ। 

ਕਾਬਿਲੇਗੌਰ ਹੈ ਕਿ ਟਵਿੱਟਰ ਤੇ ਫੇਸਬੁੱਕ ਤੋਂ ਲਾਂਭੇ ਕੀਤੇ ਜਾਣ ਮਗਰੋਂ ਹੀ ਟਰੰਪ ਨੇ ਆਪਣੀ ਖ਼ੁਦ ਦੀ ਸੋਸ਼ਲ ਮੀਡੀਆ ਸਾਈਟ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਸੀ। ਕੰਪਨੀ ਨੇ ਕਿਹਾ ਕਿ ਉਹ ਵੀਡੀਓ-ਔਨ-ਡਿਮਾਂਡ ਸੇਵਾ ਸ਼ੁਰੂ ਕਰਨ ਦੀ ਵੀ ਯੋਜਨਾ ਬਣਾ ਰਹੀ ਹੈ, ਜਿਸ ਵਿੱਚ ਐਂਟਰਟੇਨਮੈਂਟ ਪ੍ਰੋਗਰਾਮਾਂ ਤੋਂ ਇਲਾਵਾ ਨਿਊਜ਼ ਤੇ ਪੋਡਕਾਸਟ ਦੀ ਸਹੂਲਤ ਵੀ ਹੋਵੇਗੀ।