ਓਟਵਾ, 2 ਦਸੰਬਰ: ਕੋਵਿਡ-19 ਦੇ ਨਵੇਂ ਵੇਰੀਐਂਟ ਓਮਾਈਕ੍ਰੌਨ ਦੇ ਤੇਜ਼ੀ ਨਾਲ ਆਪਣੇ ਪੈਰ ਪਸਾਰਨ ਦੇ ਮੱਦੇਨਜ਼ਰ ਫੈਡਰਲ ਸਰਕਾਰ ਨੇ ਤਿੰਨ ਹਰ ਅਫਰੀਕੀ ਦੇਸ਼ਾਂ ਨੂੰ ਟਰੈਵਲ ਬੈਨ ਦੀ ਆਪਣੀ ਸੂਚੀ ਵਿੱਚ ਸ਼ਾਮਲ ਕਰ ਲਿਆ ਹੈ।
ਨਾਈਜੀਰੀਆ, ਮਾਲਾਵੀ ਤੇ ਮਿਸਰ ਹੀ ਉਹ ਦੇਸ਼ ਹਨ, ਪਿਛਲੇ ਦੋ ਹਫਤਿਆਂ ਵਿੱਚ ਜਿਥੋਂ ਦਾ ਦੌਰਾ ਕਰਨ ਵਾਲੇ ਲੋਕਾਂ ਉੱਤੇ ਕੈਨੇਡਾ ਦਾਖਲ ਹੋਣ ਉੱਤੇ ਪਾਬੰਦੀ ਲਾ ਦਿੱਤੀ ਗਈ ਹੈ। ਜਿਨ੍ਹਾਂ ਹੋਰਨਾਂ ਦੇਸ਼ਾਂ ਉੱਤੇ ਪਾਬੰਦੀ ਲਾਈ ਗਈ ਹੈ ਉਨ੍ਹਾਂ ਵਿੱਚ ਦੱਖਣੀ ਅਫਰੀਕਾ, ਮੌਜ਼ੰਮਬੀਕ, ਬੋਤਸਵਾਨਾ, ਜਿ਼ੰਬਾਬਵੇ, ਨਾਮੀਬੀਆ, ਲੇਸੋਥੋ ਤੇ ਏਸਵਾਤਿਨੀ ਸ਼ਾਮਲ ਹਨ।
ਇਨ੍ਹਾਂ ਦੇਸ਼ਾਂ ਦਾ ਦੌਰਾ ਕਰਕੇ ਆਉਣ ਵਾਲੇ ਕੈਨੇਡੀਅਨਜ਼ ਤੇ ਪਰਮਾਨੈਂਟ ਰੈਜ਼ੀਡੈਂਟਸ ਦਾ ਕੈਨੇਡਾ ਪਹੁੰਚਣ ਉੱਤੇ ਟੈਸਟ ਕੀਤਾ ਜਾਵੇਗਾ ਤੇ ਜਦੋਂ ਤੱਕ ਉਨ੍ਹਾਂ ਦਾ ਨੈਗੇਟਿਵ ਟੈਸਟ ਨਹੀਂ ਆ ਜਾਂਦਾ ਉਦੋਂ ਤੱਕ ਉਨ੍ਹਾਂ ਨੂੰ ਕੁਆਰਨਟੀਨ ਕੀਤਾ ਜਾਵੇਗਾ।ਜੇ ਉਨ੍ਹਾਂ ਦਾ ਟੈਸਟ ਨੈਗੇਟਿਵ ਆ ਜਾਂਦਾ ਹੈ ਤਾਂ ਉਹ ਆਪਣਾ ਕੁਆਰਨਟੀਨ ਵਾਲਾ ਸਮਾਂ ਆਪਣੇ ਘਰ ਵਿੱਚ ਪੂਰਾ ਕਰ ਸਕਣਗੇ। ਫਿਰ ਉਨ੍ਹਾਂ ਨੂੰ ਕੁਆਰਨਟੀਨ ਦੇ ਅੱਠਵੇਂ ਦਿਨ ਟੈਸਟ ਕਰਵਾਉਣਾ ਹੋਵੇਗਾ।
ਅਮਰੀਕਾ ਨੂੰ ਛੱਡ ਕੇ ਕੈਨੇਡਾ ਚਾਹੁੰਦਾ ਹੈ ਕਿ ਇੱਧਰ ਆਉਣ ਵਾਲੇ ਸਾਰੇ ਏਅਰ ਟਰੈਵਲਰਜ਼ ਦੀ ਵੈਕਸੀਨੇਸ਼ਨ ਹੋਣ ਦੇ ਬਾਵਜੂਦ ਏਅਰਪੋਰਟ ਉੱਤੇ ਉਨ੍ਹਾਂ ਦਾ ਟੈਸਟ ਜ਼ਰੂਰ ਕਰਵਾਇਆ ਜਾਵੇ। ਇਹ ਨਿਯਮ ਮੰਗਲਵਾਰ ਰਾਤ ਤੋਂ ਹੀ ਪ੍ਰਭਾਵੀ ਹੋ ਗਏ ਹਨ।