ਸ੍ਰੀਨਗਰ:ਜੰਮੂ ਕਸ਼ਮੀਰ ਵਿੱਚ ਕੰਮ ਕਰਦੇ 28 ਹਜ਼ਾਰ ਤੋਂ ਵੱਧ ਸਰਕਾਰੀ ਮੁਲਾਜ਼ਮ ਆਮਦਨ ਕਰ ਵਿਭਾਗ ਦੀ ਜਾਂਚ ਦੇ ਦਾਇਰੇ ਵਿੱਚ ਹਨ। ਇਨ੍ਹਾਂ ਮੁਲਾਜ਼ਮਾਂ ਵਿੱਚ ਅੱਠ ਹਜ਼ਾਰ ਪੁਲੀਸ ਅਤੇ ਅਰਧ ਸੈਨਿਕ ਬਲ ਦੇ ਮੁਲਾਜ਼ਮ ਵੀ ਸ਼ਾਮਲ ਹਨ। ਇਨ੍ਹਾਂ ਮੁਲਾਜ਼ਮਾਂ ਨੇ ਆਮਦਨ ਕਰ ਰਿਟਰਨਾਂ ਭਰਨ ਸਮੇਂ ਕਰੋੜਾਂ ਰੁਪਏ ਦੇ ਕਥਿਤ ਫਰਜ਼ੀ ਫੰਡਾਂ ਦਾ ਦਾਅਵਾ ਕੀਤਾ। ਇਹ ਕਥਿਤ ਧੋਖਾਧੜੀ ਵਿੱਤੀ ਵਰ੍ਹੇ 2020-21 ਅਤੇ 2021-22 ਵਿੱਚ ਆਮਦਨ ਰਿਟਰਨ ਦਾਖ਼ਲ ਕਰਨ ਦੌਰਾਨ ਹੋਈ ਸੀ। ਪਿਛਲੇ ਵਰ੍ਹੇ ਇਸੇ ਤਰ੍ਹਾਂ ਦੀ ਧੋਖਾਧੜੀ ਮਗਰੋਂ ਵਿਭਾਗ ਨੇ ਇਕ ਚਾਰਟਡ ਅਕਾਊਂਟੈਂਟ (ਸੀਏ) ਅਤੇ 404 ਹੋਰ ਲੋਕਾਂ ਖ਼ਿਲਾਫ਼ ਜੰਮੂ ਕਸ਼ਮੀਰ ਪੁਲੀਸ ਦੀ ਕਰਾਈਮ ਬਰਾਂਚ ਨੇ ਦੋ ਅਪਰਾਧਿਕ ਮਾਮਲੇ ਦਰਜ ਕੀਤੇ ਸਨ। ਸੂਤਰਾਂ ਮੁਤਾਬਿਕ ਕਥਿਤ ਬੇਨਿਯਮੀਆਂ ਕੁਝ ਸਮੇਂ ਪਹਿਲਾਂ ਉਦੋਂ ਸਾਹਮਣੇ ਆਈਆਂ ਜਦੋਂ ਸ੍ਰੀਨਗਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਵਿੱਚ ਕਈ ਵਿਅਕਤੀਆਂ ਨੇ ਵਿਭਿੰਨ ਮੱਦਾਂ ਅਧੀਨ ‘ਵਾਧੂ’ ਤੇ ‘ਅਯੋਗ ਕਟੌਤੀ’ ਦਾ ਦਾਅਵਾ ਕੀਤਾ ਸੀ। ਵਿਭਾਗ ਨੂੰ ਪਤਾ ਲੱਗਿਆ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕਾਂ ਨੇ ਗ਼ਲਤ ਆਈਟੀਆਰ ਦਾਖ਼ਲ ਕੀਤੀ ਸੀ ਅਤੇ ਰਿਫੰਡ ਵਜੋਂ ਕਰੀਬ ਚਾਰ ਲੱਖ ਰੁਪਏ ਦਾ ਦਾਅਵਾ ਕੀਤਾ ਸੀ।