ਮੈਲਬਰਨ, 11 ਜਨਵਰੀ

ਟੈਨਿਸ ਦੇ ਚੋਟੀ ਦੇ ਖਿਡਾਰੀ ਨੋਵਾਕ ਜੋਕੋਵਿਚ ਨੇ ਆਸਟਰੇਲੀਆ ਦੇ ਵੀਜ਼ਾ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਅੱਜ ਅਦਾਲਤੀ ਲੜਾਈ ਜਿੱਤ ਲਈ ਹੈ। ਮੈਲਬਰਨ ਵਿੱਚ ਟੈਨਿਸ ਟੂਰਨਾਮੈਂਟ ਵਿੱਚ ਹਿੱਸਾ ਲੈਣ ਆਏ ਜੋਕੋਵਿਚ ਦਾ ਹਵਾਈ ਅੱਡੇ ’ਤੇ ਇਹ ਕਹਿੰਦਿਆਂ ਵੀਜ਼ਾ ਰੱਦ ਕਰ ਦਿੱਤਾ ਗਿਆ ਸੀ ਕਿ ਉਸ ਨੇ ਕਰੋਨਾ ਰੋਕੂ ਖ਼ੁਰਾਕ ਨਹੀਂ ਲਈ। ਉਸ ਨੂੰ ਇੱਕ ਹੋਟਲ ਵਿੱਚ ਇਕਾਂਤਵਾਸ ਕੀਤਾ ਗਿਆ ਸੀ। ਸਰਬਿਆਈ ਖਿਡਾਰੀ ਨੇ ਸਰਕਾਰ ਦੇ ਇਸ ਫ਼ੈਸਲੇ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਸੀ। ਉਸ ਵੱਲੋਂ ਫੈਡਰਲ ਸਰਕਟ ਕੋਰਟ ਵਿੱਚ ਪੇਸ਼ ਹੋਏ ਵਕੀਲਾਂ ਨੇ ਕਿਹਾ ਸੀ ਕਿ ਆਸਟਰੇਲੀਆ ਦੇ ਹੀ ਦੋ ਜ਼ਿੰਮੇਵਾਰ ਪੈਨਲਾਂ ਨੇ ਨੋਵਾਕ ਨੂੰ ਮੈਲਬਰਨ ਵਿੱਚ ਖੇਡਣ ਲਈ ਹਰੀ ਝੰਡੀ ਦਿੱਤੀ ਹੋਈ ਹੈ। ਅਦਾਲਤ ਨੇ ਜੋਕੋਵਿਚ ਦਾ ਵੀਜ਼ਾ ਬਹਾਲ ਕਰਦਿਆਂ ਤੁਰਤ ਆਵਾਸੀ ਹਿਰਾਸਤ ’ਚੋਂ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ। ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਜੋਕੋਵਿਚ ਆਸਟਰੇਲੀਅਨ ਓਪਨ ਖੇਡ ਸਕੇਗਾ ਜਾਂ ਨਹੀਂ ਕਿਉਂਕਿ ਸਥਾਨਕ ਕਾਨੂੰਨ ਮੁਤਾਬਕ ਆਵਾਸ ਮੰਤਰੀ ਆਪਣੇ ਅਹੁਦੇ ਦੀਆਂ ਤਾਕਤਾਂ ਨੂੰ ਵਰਤਦਿਆਂ ਨੋਵਾਕ ਦਾ ਵੀਜ਼ਾ ਰੱਦ ਕਰ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਉਸ ਨੂੰ ਮੁਲਕ ਛੱਡਣਾ ਹੋਵੇਗਾ। ਉਧਰ, ਖੇਡ ਪ੍ਰੇਮੀਆਂ ਖਾਸਕਰ ਸਰਬੀਆ ਪਿਛੋਕੜ ਕੇ ਲੋਕਾਂ ਨੇ ਨੋਵਾਕ ਦੇ ਵਕੀਲ ਦੇ ਦਫ਼ਤਰ ਸਾਹਮਣੇ ਹੰਗਾਮਾ ਕੀਤਾ ਤੇ ਉਸ ਨੂੰ ਤੁਰੰਤ ਬਾਹਰ ਭੇਜਣ ਦੀ ਮੰਗ ਕਰਨ ਲੱਗੇ। ਭੀੜ ਨੂੰ ਪਾਸੇ ਕਰਨ ਲਈ ਪੁਲੀਸ ਨੂੰ ਕਾਫ਼ੀ ਜੱਦੋ-ਜਹਿਦ ਕਰਨੀ ਪਈ। ਸਰਕਾਰ ਵੱਲੋਂ ਸਰਬਿਆਈ ਖਿਡਾਰੀ ਖ਼ਿਲਾਫ਼ ਦਿਖਾਈ ਗਈ ਸਖ਼ਤੀ ਕਾਰਨ ਖੇਡ ਜਗਤ ਵਿੱਚ ਵੀ ਨਾਰਾਜ਼ਗੀ ਪਾਈ ਜਾ ਰਹੀ ਹੈ।