ਮੁੰਬਈ:ਅਦਾਕਾਰਾ ਜੈਕੁਲਿਨ ਫਰਨਾਂਡੇਜ਼ ਜਲਦੀ ਹੀ ਫਿਲਮ ‘ਬੱਚਨ ਪਾਂਡੇ’ ਵਿਚ ਨਜ਼ਰ ਆਵੇਗੀ। ਉਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਔਰਤਾਂ ਦੇ ਵਿਦਿਅਕ ਪੱਧਰ ਨੂੰ ਉਚਾ ਚੁੁੱਕਣ ਲਈ ਕੰਮ ਕਰਨ। ਕੌਮਾਂਤਰੀ ਮਹਿਲਾ ਦਿਵਸ ਮੌਕੇ ਅਦਾਕਾਰਾ ਨੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਕਿਹਾ ਕਿ ਸਮਾਜਿਕ ਦਾਇਰੇ ਵਿਚ ਰਹਿੰਦਿਆਂ ਲੋਕਾਂ ਲਈ ਸਭ ਤੋਂ ਮਹੱਤਵਪੂਰਨ ਇਹ ਹੈ ਕਿ ਉਹ ਔਰਤਾਂ ਦਾ ਸਿੱਖਿਆ ਪੱਧਰ ਉਚਾ ਚੁੱਕਣ ਲਈ ਸਹਿਯੋਗ ਕਰਨ ਤੇ ਉਹ ਬਿਨਾਂ ਕਿਸੇ ਫਾਇਦੇ ਨੁਕਸਾਨ ਦੇ ਬੱਚਿਆਂ ਤੇ ਔਰਤਾਂ ਨੂੰ ਸਿੱਖਿਅਤ ਕਰਨ ਕਿਉਂਕਿ ਸਿੱਖਿਆ ਨਾਲ ਹੀ ਉਨ੍ਹਾਂ ਦਾ ਜੀਵਨ ਪੱਧਰ ਸੁਧਰੇਗਾ ਤੇ ਦੇਸ਼ ਦੀ ਆਰਥਿਕ ਤਰੱਕੀ ਹੋਵੇਗੀ। ਜੈਕੁਲਿਨ ਅੱਜ ਮਿਉਂਸਿਪਲ ਸਕੂਲ ਦੀਆਂ ਲੜਕੀਆਂ ਨੂੰ ਵੀ ਮਿਲੀ ਤੇ ਉਨ੍ਹਾਂ ਨਾਲ ਮਹਿਲਾ ਸ਼ਕਤੀਕਰਨ ਤੇ ਉਨ੍ਹਾਂ ਦੀ ਆਜ਼ਾਦੀ ਬਾਰੇ ਗੱਲ ਕੀਤੀ। ਉਸ ਨੇ ਸੋਸ਼ਲ ਮੀਡੀਆ ’ਤੇ ਇਨ੍ਹਾਂ ਲੜਕੀਆਂ ਨਾਲ ਗੱਲਬਾਤ ਕਰਦਿਆਂ ਦੀ ਫੋਟੋ ਵੀ ਨਸ਼ਰ ਕੀਤੀ ਹੈ। ਅਦਾਕਾਰਾ ਨੇ ਕਿਹਾ ਕਿ ਕਿਸੇ ਵੀ ਅਗਾਂਹਵਧੂ ਸਮਾਜ ਲਈ ਲਾਜ਼ਮੀ ਹੈ ਕਿ ਔਰਤਾਂ ਨੂੰ ਆਪਣੇ ਬਾਰੇ ਦੱਸਣ ਲਈ ਢੁੱਕਵੀਂ ਥਾਂ ਮਿਲੇ। ਉਸ ਨੇ ਕਿਹਾ ਕਿ ਸਮਾਜ ਤਾਂ ਹੀ ਖੁਸ਼ਹਾਲ ਹੋ ਸਕਦਾ ਹੈ ਜੇ ਔਰਤਾਂ ਨੂੰ ਆਪਣੀ ਬਿਹਤਰੀ ਲਈ ਬੋਲਣ ਦੀ ਆਜ਼ਾਦੀ ਮਿਲੇ ਤੇ ਉਨ੍ਹਾਂ ਨੂੰ ਮਿਲਣ ਵਾਲੇ ਮੌਕੇ ਯਕੀਨੀ ਬਣਾਏ ਜਾਣ।