ਨਵੀਂ ਦਿੱਲੀ, 19 ਅਕਤੂਬਰ

ਬੌਲੀਵੁੱਡ ਅਦਾਕਾਰਾ ਜੈਕੁਲਿਨ ਫਰਨਾਂਡੇਜ਼ ਲਗਾਤਾਰ ਤੀਜੀ ਵਾਰ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਸਾਹਮਣੇ ਪੇਸ਼ ਨਹੀਂ ਹੋਈ। ਉਸ ਨੂੰ ਸੁਕੇਸ਼ ਚੰਦਰਸ਼ੇਖਰ ਨਾਲ ਸਬੰਧਤ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਕੇਸ ਸਬੰਧੀ ਜਾਂਚ ਲਈ ਨਵੀਂ ਦਿੱਲੀ ਦਫ਼ਤਰ ਵਿਚ ਸੱਦਿਆ ਗਿਆ ਸੀ। ਦੂਜੇ ਪਾਸੇ ਅਦਾਕਾਰਾ ਨੇ ਦੱਸਿਆ ਕਿ ਉਹ ਪੇਸ਼ੇਵਰ ਕਾਰਨਾਂ ਕਰ ਕੇ ਪੇਸ਼ ਨਹੀਂ ਹੋ ਸਕੀ ਜਿਸ ਕਾਰਨ ਈਡੀ ਵਲੋਂ ਨਵੀਂ ਤਾਰੀਖ ਦੇ ਸੰਮਨ ਜਾਰੀ ਕੀਤੇ ਜਾਣਗੇ। 

 ਜ਼ਿਕਰਯੋਗ ਹੈ ਕਿ 36 ਸਾਲਾ ਜੈਕੁਲਿਨ ਅਗਸਤ ਵਿਚ ਹੀ ਜਾਂਚ ਏਜੰਸੀ ਕੋਲ ਪੇਸ਼ ਹੋਈ ਸੀ ਤੇ ਕਾਲੇ ਧਨ ਨੂੰ ਸਫੈਦ ਕਰਨ ਦੇ ਮਾਮਲੇ ਵਿਚ ਆਪਣੇ ਬਿਆਨ ਦਰਜ ਕਰਵਾਏ ਸਨ। 

 ਇਹ ਵੀ ਪਤਾ ਲੱਗਾ ਹੈ ਕਿ ਈਡੀ ਉਸ ਨੂੰ ਮੁੱਖ ਮੁਲਜ਼ਮ ਚੰਦਰਸ਼ੇਖਰ ਤੇ ਉਸ ਦੀ ਅਦਾਕਾਰਾ ਪਤਨੀ ਲੀਨਾ ਮਾਰੀਆ ਪੌਲ ਸਾਹਮਣੇ ਬਿਠਾ ਕੇ ਪੁੱਛਗਿੱਛ ਕਰੇਗੀ। ਇਸ ਤੋਂ ਪਹਿਲਾਂ ਅਦਾਕਾਰਾ ਨੋਰਾ ਫਤੇਹੀ ਨੇ ਵੀ ਇਸ ਮਾਮਲੇ ਵਿਚ ਜਾਂਚ ਏਜੰਸੀ ਕੋਲ ਆਪਣੇ ਬਿਆਨ ਦਰਜ ਕਰਵਾਏ ਸਨ।