ਨਵੀਂ ਦਿੱਲੀ, 20 ਸਤੰਬਰ

ਫਿਲਮ ਅਦਾਕਾਰ ਜੈਕਲਿਨ ਫਰਨਾਂਡੇਜ਼ ਅੱਜ ਕਥਿਤ ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਸਬੰਧਤ ਵਸੂਲੀ ਮਾਮਲੇ ਦੀ ਜਾਂਚ ਦੇ ਸਿਲਸਿਲੇ ’ਚ ਦਿੱਲੀ ਪੁਲੀਸ ਦੀ ਆਰਥਿਕ ਅਪਰਾਧ ਸ਼ਾਖਾ (ਈਓਡਬਲਿਊ) ਸਾਹਮਣੇ ਪੇਸ਼ ਹੋਈ।
ਦਿੱਲੀ ਪੁਲੀਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਦੂਜਾ ਵਾਰ ਹੈ, ਜਦੋਂ ਜੈਕਲਿਨ ਨੂੰ ਇਸ ਮਾਮਲੇ ’ਚ ਉਸ ਦੀ ਕਥਿਤ ਭੂਮਿਕਾ ਲਈ ਪੁੱਛ-ਪੜਤਾਲ ਵਾਸਤੇ ਤਲਬ ਕੀਤਾ ਗਿਆ ਹੈ। ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਫਰਨਾਂਡੇਜ਼ ਜਾਂਚ ’ਚ ਸ਼ਾਮਲ ਹੋਈ ਅਤੇ ਉਸ ਤੋਂ ਮੰਦਰ ਮਾਰਗ ਸਥਿਤ ਆਰਥਿਕ ਅਪਰਾਧ ਸ਼ਾਖਾ ਦੇ ਦਫ਼ਤਰ ’ਚ ਪੁੱਛ-ਪੜਤਾਲ ਕੀਤੀ ਗਈ ਹੈ।
ਪਿਛਲੇ ਬੁੱਧਵਾਰ ਨੂੰ ਪਿੰਕੀ ਇਰਾਨੀ ਨਾਲ ਫਰਨਾਂਡੇਜ਼ ਤੋਂ ਅੱਠ ਘੰਟੇ ਤੋਂ ਵੱਧ ਸਮਾਂ ਪੁੱਛ-ਪੜਤਾਲ ਕੀਤੀ ਗਈ ਸੀ। ਇਰਾਨੀ ਨੇ ਅਦਾਕਾਰਾਂ ਨੂੰ ਕਥਿਤ ਤੌਰ ’ਤੇ ਚੰਦਰਸ਼ੇਖਰ ਨਾਲ ਮਿਲਵਾਇਆ ਸੀ। ਪੁਲੀਸ ਨੇ ਪਹਿਲਾਂ ਕਿਹਾ ਸੀ ਕਿ ਜਾਂਚ ’ਚ ਖੁਲਾਸਾ ਹੋਇਆ ਹੈ ਕਿ ਚੰਦਰਸ਼ੇਖਰ ਨੇ ਆਪਣੇ ਜਨਮ ਦਿਨ ’ਤੇ ਫਰਨਾਂਡੇਜ਼ ਦੇ ਏਜੰਟ ਪ੍ਰਸ਼ਾਂਤ ਨੂੰ ਮੋਟਰਸਾਈਕਲ ਦੀ ਪੇਸ਼ਕਸ਼ ਕੀਤੀ ਸੀ ਪਰ ਉਸ ਨੇ ਇਹ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਮਗਰੋਂ ਚੰਦਰਸ਼ੇਖਰ ਨੇ ਮੋਟਰਸਾਈਕਲ ਤੇ ਉਸ ਦੀ ਚਾਬੀ ਇੱਥੇ ਹੀ ਛੱਡ ਦਿੱਤੀ ਸੀ। ਵਾਹਨ ਜ਼ਬਤ ਕਰ ਲਿਆ ਗਿਆ ਹੈ। ਚੰਦਰਸ਼ੇਖਰ ਅਜੇ ਇੱਥੇ ਸਥਿਤ ਜੇਲ੍ਹ ’ਚ ਬੰਦ ਹੈ। ਉਸ ’ਤੇ ਫੋਰਟਿਸ ਹੈਲਥਕੇਅਰ ਦੇ ਪ੍ਰਮੋਟਰ ਸ਼ਿਵਇੰਦਰ ਮੋਹਨ ਸਿੰਘ ਦੀ ਪਤਨੀ ਅਦਿਤੀ ਸਿੰਘ ਸਮੇਤ ਕਈ ਹੋਰ ਹਸਤੀਆਂ ਨਾਲ ਠੱਗੀ ਮਾਰਨ ਦਾ ਦੋਸ਼ ਹੈ।