ਲੰਡਨ, 11 ਦਸੰਬਰ

ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ (50) ਦੇ ਬ੍ਰਿਟੇਨ ਤੋਂ ਅਮਰੀਕਾ ਹਵਾਲੇ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ। ਲੰਡਨ ਹਾਈ ਕੋਰਟ ਨੇ ਅੱਜ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਰੱਦ ਕਰ ਦਿੱਤਾ ਜਿਸ ’ਚ ਕਿਹਾ ਗਿਆ ਸੀ ਕਿ ਅਸਾਂਜ ਦੀ ਮਾਨਸਿਕ ਸਿਹਤ ਠੀਕ ਨਾ ਹੋਣ ਕਾਰਨ ਉਸ ਨੂੰ ਅਮਰੀਕਾ ਨਹੀਂ ਭੇਜਿਆ ਜਾ ਸਕਦਾ ਹੈ। ਸਾਲ 2010 ਅਤੇ 2011 ’ਚ ਫ਼ੌਜੀ ਅਤੇ ਕੂਟਨੀਤਕ ਦਸਤਾਵੇਜ਼ ਨਸ਼ਰ ਕਰਨ ਲਈ ਅਸਾਂਜ ਅਮਰੀਕਾ ’ਚ ਲੋੜੀਂਦਾ ਹੈ। ਹਾਈ ਕੋਰਟ ਦੇ ਅੱਜ ਆਏ ਫ਼ੈਸਲੇ ਦਾ ਮਤਲਬ ਹੈ ਕਿ ਅਮਰੀਕੀ ਅਧਿਕਾਰੀਆਂ ਨੇ ਅਪੀਲ ਸਬੰਧੀ ਮੁਕੱਦਮੇ ਦੀ ਲੜਾਈ ਜਿੱਤ ਲਈ ਹੈ। ਇਨ੍ਹਾਂ ਅਧਿਕਾਰੀਆਂ ਨੇ ਅਦਾਲਤ ਨੂੰ ਮੁੜ ਭਰੋਸਾ ਦਿੱਤਾ ਹੈ ਕਿ ਉਹ ਅਸਾਂਜ ਵੱਲੋਂ ਖੁਦਕੁਸ਼ੀ ਕੀਤੇ ਜਾਣ ਦੇ ਖ਼ਦਸ਼ਿਆਂ ਨੂੰ ਦੂਰ ਕਰਨ ਲਈ ਢੁੱਕਵੇਂ ਕਦਮ ਉਠਾਉਣਗੇ। ਲਾਰਡ ਚੀਫ਼ ਜਸਟਿਸ ਲਾਰਡ ਬਰਨੇਟ ਅਤੇ ਲਾਰਡ ਜਸਟਿਸ ਹੋਲਰੌਇਡ ਨੇ ਅਸਾਂਜ ਦੀ ਹਵਾਲਗੀ ਬਾਰੇ ਫ਼ੈਸਲਾ ਸੁਣਾਇਆ। ਅਸਾਂਜ ਦੀ ਮੰਗੇਤਰ ਸਟੇਲਾ ਮੌਰਿਸ ਨੇ ਕਿਹਾ ਕਿ ਉਹ ਫ਼ੈਸਲੇ ਖ਼ਿਲਾਫ਼ ਅਪੀਲ ਦਾਖ਼ਲ ਕਰੇਗੀ। ਜਨਵਰੀ ’ਚ ਜ਼ਿਲ੍ਹਾ ਜੱਜ ਵੈਨੇਸਾ ਬੈਰੈਟਸਰ ਨੇ ਕਿਹਾ ਸੀ ਕਿ ਅਸਾਂਜ ਦੀ ਮਾਨਸਿਕ ਸਿਹਤ ਠੀਕ ਨਹੀਂ ਹੈ ਅਤੇ ਉਸ ਨੂੰ ਅਮਰੀਕਾ ਹਵਾਲੇ ਕਰਨਾ ਠੀਕ ਨਹੀਂ ਹੋਵੇਗਾ ਕਿਉਂਕਿ ਅਜਿਹਾ ਕਰਨ ਨਾਲ ਉਸ ਵੱਲੋਂ ਖੁਦਕੁਸ਼ੀ ਕਰਨ ਦਾ ਖ਼ਦਸ਼ਾ ਹੈ। ਅਸਾਂਜ ਖ਼ਿਲਾਫ਼ ਜਾਸੂਸੀ ਦੇ 17 ਅਤੇ ਕੰਪਿਊਟਰ ਦੀ ਦੁਰਵਰਤੋਂ ਦਾ ਇਕ ਦੋਸ਼ ਲੱਗਾ ਹੈ ਅਤੇ ਸਜ਼ਾ ਹੋਣ ’ਤੇ ਉਸ ਨੂੰ 175 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।