ਹੀਰੋਸ਼ੀਮਾ, 20 ਮਈ

ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਦੇ ਐਤਵਾਰ ਨੂੰ ਜੀ-7 ਸਿਖਰ ਸੰਮੇਲਨ ’ਚ ਸ਼ਾਮਲ ਹੋਣ ਤੋਂ ਕੁਝ ਦਿਨ ਪਹਿਲਾਂ ਅੱਜ ਦੁਨੀਆ ਦੇ ਸਭ ਤੋਂ ਮਜ਼ਬੂਤ ਲੋਕਤੰਤਰਾਂ ਦੇ ਨੇਤਾਵਾਂ ਨੇ ਯੂਕਰੇਨ ’ਤੇ ਕੀਤੇ ਹਮਲੇ ਲਈ ਰੂਸ ਨੂੰ ਸਜ਼ਾ ਦੇਣ ਦੇ ਢੰਗ ਤਰੀਕਿਆਂ ’ਤੇ ਚਰਚਾ ਕਰਨ ਲਈ ਮੀਟਿੰਗ ਕੀਤੀ। ਜ਼ੈਲੇਂਸਕੀ ਜੰਗ ਦੀ ਮਾਰ ਹੇਠ ਆੲੇ ਮੁਲਕ ਤੋਂ ਆਪਣੀ ਸਭ ਤੋਂ ਵੱਧ ਦੂਰੀ ਦੀ ਯਾਤਰਾ ਕਰਨਗੇ ਕਿਉਂਕਿ ਇਹ ਆਗੂ ਰੂਸ ’ਤੇ ਨਵੀਆਂ ਪਾਬੰਦੀਆਂ ਦਾ ਖੁਲਾਸਾ ਕਰਨ ਲਈ ਤਿਆਰ ਹਨ।

ਯੂਕਰੇਨ ਦੀ ਕੌਮੀ ਸੁਰੱਖਿਆ ਰੱਖਿਆ ਕੌਂਸਲ ਦੀ ਸਕੱਤਰ ਓਲੈਕਸੀ ਡੈਨੀਵੋਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਜ਼ੈਲੇਂਸਕੀ ਇਸ ਸੰਮੇਲਨ ’ਚ ਸ਼ਾਮਲ ਹੋਣਗੇ। ਡੈਨੀਵੋਲ ਨੇ ਅੱਜ ਕਿਹਾ, ‘ਸਾਨੂੰ ਯਕੀਨ ਹੈ ਕਿ ਦੁਨੀਆ ’ਚ ਜਿੱਥੇ ਵੀ ਯੂਕਰੇਨ ਨੂੰ ਜ਼ਰੂਰਤ ਹੋਵੇਗੀ ਸਾਡੇ ਰਾਸ਼ਟਰਪਤੀ ਉੱਥੇ ਹੋਣਗੇ ਤਾਂ ਜੋ ਸਾਡੇ ਦੇਸ਼ ’ਚ ਸਥਿਰਤਾ ਦੇ ਮਸਲੇ ਨੂੰ ਹੱਲ ਕੀਤਾ ਜਾ ਸਕੇ।’ ਉਨ੍ਹਾਂ ਕਿਹਾ ਕਿ ਉੱਥੇ (ਜੀ-7 ਸੰਮੇਲਨ) ’ਚ ਬਹੁਤ ਅਹਿਮ ਮਾਮਲਿਆਂ ’ਤੇ ਫ਼ੈਸਲਾ ਲਿਆ ਜਾਵੇਗਾ ਇਸ ਲਈ ਯੂਕਰੇਨ ਦੇ ਹਿੱਤਾਂ ਲਈ ਰਾਸ਼ਟਰਪਤੀ ਦਾ ਉੱਥੇ ਹੋਣਾ ਬਹੁਤ ਮਹੱਤਵਪੂਰਨ ਹੈ।

ਜ਼ਿਕਰਯੋਗ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਯੂਕਰੇਨ ਖ਼ਿਲਾਫ਼ ਪਰਮਾਣੂ ਧਮਕੀਆਂ ਦੇ ਨਾਲ-ਨਾਲ ਉੱਤਰ ਕੋਰੀਆ ਦੇ ਮਿਜ਼ਾਈਲ ਪ੍ਰੀਖਣਾਂ ਅਤੇ ਚੀਨ ਵੱਲੋਂ ਤੇਜ਼ੀ ਨਾਲ ਪਰਮਾਣੂ ਹਥਿਆਰਾਂ ’ਚ ਕੀਤੇ ਜਾ ਰਹੇ ਵਾਧੇ ਬਾਰੇ ਸਿਖਰ ਸੰਮੇਲਨ ’ਚ ਚਰਚਾ ਕੀਤੀ ਜਾਵੇਗੀ। ਆਲਮੀ ਆਗੂਆਂ ਨੇ ਵਿਸ਼ਵ ਜੰਗ ਦੌਰਾਨ ਪਰਮਾਣੂ ਹਮਲੇ ’ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਵੀ ਦਿੱਤੀ। ਜਪਾਨ ਦੇ ਪ੍ਰਧਾਨ ਮੰਤਰੀ ਫੁਮੀਓ ਕਿਸ਼ੀਦਾ ਨੇ ਕਿਹਾ ਕਿ ਉਨ੍ਹਾਂ ਮਾਰਚ ’ਚ ਆਪਣੀ ਕੀਵ ਫੇਰੀ ਦੌਰਾਨ ਜ਼ੈਲੇਂਸਕੀ ਨੂੰ ਜੀ-7 ਸੰਮੇਲਨ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ।