ਆਰਹਸ:ਚੀਨ ਨੇ ਇੱਥੇ ਫਾਈਨਲ ਵਿੱਚ ਮੌਜੂਦਾ ਚੈਂਪੀਅਨ ਜਾਪਾਨ ਨੂੰ 3-1 ਨਾਲ ਹਰਾ ਕੇ ਊਬਰ ਕੱਪ ਬੈਡਮਿੰਟਨ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ। ਕੁੱਝ ਮੁੱਖ ਖਿਡਾਰੀਆਂ ਤੋਂ ਬਿਨਾਂ ਖੇਡ ਰਹੇ ਜਾਪਾਨ ਨੇ ਸਖ਼ਤ ਟੱਕਰ ਦਿੱਤੀ, ਪਰ ਚੀਨ ਦੀ ਟੀਮ ਦਬਦਬਾ ਬਣਾ ਕੇ ਜਿੱਤ ਦਰਜ ਕਰਨ ਵਿੱਚ ਸਫਲ ਰਹੀ। ਚੀਨ ਨੇ ਊਬਰ ਕੱਪ ਦਾ ਖ਼ਿਤਾਬ 15ਵੀਂ ਵਾਰ ਜਿੱਤਿਆ ਹੈ। ਚੇਨ ਕਿੰਗ ਚੇਨ ਅਤੇ ਜੀਆ ਯੀ ਫਾਨ ਨੇ ਡਬਲਜ਼ ਮੁਕਾਬਲੇ ਵਿੱਚ ਜਾਪਾਨੀ ਜੋੜੀ ਨੂੰ ਸ਼ਿਕਸਤ ਦਿੱਤੀ, ਜੋ ਊਬਰ ਕੱਪ ਦੇ ਇਤਿਹਾਸ ਵਿੱਚ ਸਭ ਤੋਂ ਲੰਬਾ ਚੱਲਣ ਵਾਲਾ ਮੁਕਾਬਲਾ ਰਿਹਾ। ਦੂਜੇ ਡਬਲਜ਼ ਮੁਕਾਬਲੇ ਵਿੱਚ ਵੀ ਚੀਨ ਦੀ ਜੋੜੀ ਨੇ ਜਿੱਤ ਦਰਜ ਕਰ ਕੇ ਖ਼ਿਤਾਬ ’ਤੇ ਕਬਜ਼ਾ ਕੀਤਾ। ਇਸ ਲਈ ਤੀਜੇ ਸਿੰਗਲਜ਼ ਮੁਕਾਬਲੇ ਦੀ ਜ਼ਰੂਰਤ ਨਹੀਂ ਪਈ। ਚੀਨ ਨੇ ਦੋਵੇਂ ਡਬਲਜ਼ ਮੁਕਾਬਲੇ ਅਤੇ ਇੱਕ ਸਿੰਗਲਜ਼ ਮੁਕਾਬਲਾ ਜਿੱਤਿਆ, ਜਦਕਿ ਇੱਕ ਸਿੰਗਲਜ਼ ਮੁਕਾਬਲੇ ਵਿੱਚ ਹਾਰ ਝੱਲਣੀ ਪਈ।