ਓਟਵਾ, 13 ਮਈ : ਐਨਡੀਪੀ ਆਗੂ ਜਗਮੀਤ ਸਿੰਘ ਵੱਲੋਂ ਫੈਡਰਲ ਸਰਕਾਰ ਨੂੰ ਇਜ਼ਰਾਈਲ ਨੂੰ ਹੋਰ ਹਥਿਆਰ ਨਾ ਵੇਚਣ ਦੀ ਅਪੀਲ ਕੀਤੀ ਹੈ। ਅਜਿਹਾ ਉਸ ਖਿੱਤੇ ਵਿੱਚ ਵਧੀ ਹਿੰਸਾ ਕਾਰਨ ਕੀਤਾ ਗਿਆ ਹੈ।
ਬੁੱਧਵਾਰ ਨੂੰ ਇੱਕ ਨਿਊਜ਼ ਕਾਨਫਰੰਸ ਦੌਰਾਨ ਜਗਮੀਤ ਸਿੰਘ ਨੇ ਆਖਿਆ ਕਿ ਪੂਰਬੀ ਯੇਰੂਸ਼ਲੇਮ, ਗਾਜ਼ਾ ਤੇ ਵੈਸਟ ਬੈਂਕ ਵਿੱਚ ਜਾਰੀ ਹਿੰਸਾ ਨੂੰ ਰੋਕਣ ਲਈ ਕੈਨੇਡਾ ਨੂੰ ਦਬਾਅ ਪਾਉਣਾ ਚਾਹੀਦਾ ਹੈ। ਸਗੋਂ ਸਾਨੂੰ ਹੋਰ ਹਥਿਆਰ ਇਜ਼ਰਾਈਲ ਨੂੰ ਵੇਚਣ ਉੱਤੇ ਰੋਕ ਲਾਉਣੀ ਚਾਹੀਦੀ ਹੈ। ਪ੍ਰਸ਼ਨ ਕਾਲ ਦੌਰਾਨ ਉਨ੍ਹਾਂ ਸਪਸ਼ਟ ਕੀਤਾ ਕਿ ਝਗੜੇ ਵਿੱਚ ਇੱਕ ਧਿਰ ਨੂੰ ਹਥਿਆਰ ਮੁਹੱਈਆ ਕਰਵਾਕੇ ਉਸ ਦਾ ਸਾਥ ਦੇਣਾ ਸ਼ਾਂਤੀ ਪ੍ਰਕਿਰਿਆ ਵਿੱਚ ਵਿਘਨ ਪਾਉਣ ਦੇ ਤੁਲ ਹੈ। ਇਸ ਦੇ ਨਾਲ ਹੀ ਇਹ ਗੈਰਕਾਨੂੰਨੀ ਕਿੱਤੇ ਦਾ ਸਾਥ ਦੇਣ ਵਾਲੀ ਵੀ ਗੱਲ ਹੈ।
ਇਸ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਸਾਰੀਆਂ ਧਿਰਾਂ ਨੂੰ ਨਾਗਰਿਕਾਂ ਦੀ ਹਿਫਾਜ਼ਤ ਬਾਰੇ ਸੋਚਨਾ ਚਾਹੀਦਾ ਹੈ ਤੇ ਹਿੰਸਾ ਖਤਮ ਕਰਨੀ ਚਾਹੀਦੀ ਹੈ। ਉਨ੍ਹਾਂ ਇਹ ਵੀ ਆਖਿਆ ਕਿ ਇਜ਼ਰਾਈਲ ਖਿਲਾਫ ਰਾਕੇਟ ਹਮਲੇ ਤੇ ਇਸ ਦੇ ਨਾਲ ਹੀ ਮਸਜਿਦ ਉੱਤੇ ਹਮਲਾ ਸਵੀਕਾਰਨਯੋਗ ਨਹੀਂ ਹੈ।ਉਨ੍ਹਾਂ ਅੱਗੇ ਆਖਿਆ ਕਿ ਕੈਨੇਡਾ ਆਪਣੀ ਸਕਿਊਰਿਟੀ ਯਕੀਨੀ ਬਣਾਉਣ ਲਈ ਇਜ਼ਰਾਈਲ ਦੇ ਅਧਿਕਾਰਾਂ ਦਾ ਪੱਖ ਪੂਰ ਰਿਹਾ ਹੈ।
ਮੰਗਲਵਾਰ ਨੂੰ ਕੰਜ਼ਰਵੇਟਿਵ ਆਗੂ ਐਰਿਨ ਓਟੂਲ ਨੇ ਹਮਸ ਅੱਤਵਾਦੀਆਂ ਵੱਲੋਂ ਕੀਤੇ ਗਏ ਰਾਕੇਟ ਹਮਲਿਆਂ ਦੀ ਨਿਖੇਧੀ ਕਰਨ ਲਈ ਬਿਆਨ ਜਾਰੀ ਕੀਤਾ ਤੇ ਆਖਿਆ ਕਿ ਇਹ ਆਮ ਨਾਗਰਿਕਾਂ ਨਾਲ ਧੱਕੇਸ਼ਾਹੀ ਹੈ।