ਮੁੰਬਈ:ਨੁਸਰਤ ਭਰੁਚਾ ਦੀ ਭੂੁਮਿਕਾ ਵਾਲੀ ਫਿਲਮ ‘ਛੋਰੀ’ ਦੀ ਸਫ਼ਲਤਾ ਤੋਂ ਬਾਅਦ ਨਿਰਮਾਤਾਵਾਂ ਨੇ ਕਹਾਣੀ ਦੇ ਅਗਲੇ ਭਾਗ ਨੂੰ ਫਿਲਮਾਉਣ ਦਾ ਫ਼ੈਸਲਾ ਕੀਤਾ ਹੈ। ਅਸਥਾਈ ਸਿਰਲੇਖ ‘ਛੋਰੀ 2’ ਵਿਸ਼ਾਲ ਫੁਰੀਆ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ, ਜੋ ਨੁਸਰਤ ਦੇ ਕਿਰਦਾਰ ਸਾਕਸ਼ੀ ਦੀ ਕਹਾਣੀ ਨੂੰ ਉੱਥੋਂ ਹੀ ਅੱਗੇ ਤੋਰੇਗਾ, ਜਿੱਥੇ ਇਸ ਨੂੰ ਛੱਡਿਆ ਗਿਆ ਸੀ ਅਤੇ ਕੁਝ ਮੁੱਖ ਕਿਰਦਾਰਾਂ ਦੀ ਵਾਪਸੀ ਕਰੇਗਾ। ਇਸ ਦਾ ਐਲਾਨ ਕਰਦਿਆਂ ਨਿਰਦੇਸ਼ਕ ਨੇ ਕਿਹਾ, ‘‘ਮੈਂ ‘ਛੋਰੀ’ ਦੀ ਕਹਾਣੀ ਨੂੰ ਇਸ ਦੇ ਸੀਕੁਅਲ ਨਾਲ ਅਗਲੇ ਪੱਧਰ ’ਤੇ ਲਿਜਾਣ ਲਈ ਉਤਸ਼ਾਹਿਤ ਹਾਂ। ਮੈਂ ਹਮੇਸ਼ਾ ‘ਛੋਰੀ’ ਨੂੰ ਇੱਕ ਮਲਟੀਪਲ ਫਿਲਮ ਫਰੈਂਚਾਈਜ਼ ਬਣਾਉਣ ਦੀ ਕਲਪਨਾ ਕੀਤੀ ਹੈ ਅਤੇ ਜਦੋਂ ਅਸੀਂ ਕਹਾਣੀ ਦੇ ਪਹਿਲੇ ਸੀਕੁਅਲ ਦੀ ਸ਼ੂਟਿੰਗ ਕਰ ਰਹੇ ਸੀ ਤਾਂ ਅੱਗੇ ਦੀ ਕਹਾਣੀ ਬਣਾਉਣੀ ਸ਼ੁਰੂ ਕਰ ਦਿੱਤੀ ਸੀ।’’ ਉਸ ਨੇ ਕਿਹਾ, ‘‘ਫਿਲਮ ‘ਛੋਰੀ’ ਨੂੰ ਦਰਸ਼ਕਾਂ ਤੋਂ ਮਿਲੇ ਬੇਮਿਸਾਲ ਹੁੰਗਾਰੇ ਨਾਲ ਮਨ ਭਰ ਆਇਆ ਅਤੇ ਮੈਂ ਨੁਸਰਤ ਨਾਲ ਇੱਕ ਹੋਰ ਸਫ਼ਰ ਸ਼ੁਰੂ ਕਰਨ ਲਈ ਤਿਆਰ ਹਾਂ ਅਤੇ ਨਿਰਮਾਤਾਵਾਂ ਨੇ ਮੇਰੇ ਨਜ਼ਰੀਏ ਦਾ ਮਾਣ ਰੱਖਦਿਆਂ ਮੇਰਾ ਸਾਥ ਦਿੱਤਾ ਹੈ।’’ ਨੁਸਰਤ ਨੇ ਨਿਰਦੇਸ਼ਕ ਵਿਸ਼ਾਲ ਨਾਲ ਮੁੜ ਮਿਲ ਕੇ ਕੰਮ ਕਰਨ ’ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ, ‘‘ਫਿਲਮ ‘ਛੋਰੀ’ ਦਾ ਪ੍ਰਾਜੈਕਟ ਸਾਡੇ ਸਾਰਿਆਂ ਲਈ ਖਾਸ ਸੀ ਅਤੇ ਮੈਂ ਵਿਸ਼ਾਲ ਤੇ ਪੂਰੀ ਟੀਮ ਨਾਲ ਮੁੜ ‘ਛੋਰੀ 2’ ਵਿੱਚ ਕੰਮ ਕਰਨ ਲਈ ਹੋਰ ਉਡੀਕ ਨਹੀਂ ਕਰ ਸਕਦੀ।’’