ਕੋਲੰਬੋ,ਨਵੇਂ ਕਪਤਾਨ ਦਿਨੇਸ਼ ਚੰਦੀਮਲ ਦੀ ਅਗਵਾਈ ਵਿੱਚ ਭਲਕੇ ਸ੍ਰੀਲੰਕਾ ਇੱਥੇ ਜ਼ਿੰਮਾਬਵੇ  ਦੇ ਵਿਰੁੱਧ ਸ਼ੁਰੂ ਹੋਣ ਵਾਲੇ ਇੱਕੋ-ਇੱਕ ਟੈਸਟ ਮੈਚ ਵਿੱਚ ਇੱਕ ਰੋਜ਼ਾ ਲੜੀ ਦੌਰਾਨ ਮਿਲੀ ਹਾਰ ਦਾ ਬਦਲਾ ਲੈਣ ਲਈ ਉਤਰੇਗੀ ਅਤੇ ਟੀਮ ਟੈਸਟ ਮੈਚ ਜਿੱਤ ਕੇ ਇੱਕ ਰੋਜ਼ਾ ਲੜੀ ਦੌਰਾਨ ਮਿਲੀ ਹਾਰ ਦਾ ਬਦਲਾ ਲੈ ਕੇ ਹਿਸਾਬ ਬਰਾਬਰ ਕਰਨ ਲਈ ਟਿਲ ਲਾਵੇਗੀ। ਇਸ ਤੋਂ ਪਹਿਲਾਂ ਇੱਕ ਰੋਜ਼ਾ ਲੜੀ ਵਿੱਚ ਮਿਲੀ 3-2 ਦੀ ਹਾਰ ਤੋਂ ਬਾਅਦ ਐਂਜਲੋ ਮੈਥਿਓਜ਼ ਨੇ ਕਪਤਾਨੀ ਛੱਡ ਦਿੱਤੀ ਸੀ। ਉਸਦੀ ਥਾਂ ਦਿਨੇਸ਼ ਚੰਦੀਮਲ ਨੂੰ ਕਪਤਾਨੀ ਸੌਂਪੀ ਗਈ ਹੈ। ਉਸਦੀ ਅਗਵਾਈ ਵਿੱਚ ਟੀਮ ਆਪਣਾ ਪਹਿਲਾ ਟੈਸਟ ਮੈਚ ਖੇਡੇਗੀ। ਚੰਦੀਮਲ ਵੀ ਇਸ ਨਵੀਂ ਜ਼ਿੰਮੇਵਾਰੀ ਸਾਂਭ ਕੇ ੳਤਸ਼ਾਹ ਵਿੱਚ ਹੈ। ਉਸਨੇ ਮੈਚ ਤੋਂ ਇੱਕ ਦਿਨ ਪਹਿਲਾਂ ਸ਼ਾਮ ਨੂੰ ਕਿਹਾ ਕਿ ਉਹ ਟੀਮ ਦੀ ਅਗਵਾਈ ਸਾਂਭ ਕੇ ਉਤਸ਼ਾਹ ਵਿੱਚ ਹੈ। ਉਹ ਟੀਮ ਨੂੰ ਅੱਗੇ ਵਧਾਉਣਾ ਚਾਹੁੰਦਾ ਹੈ ਅਤੇ ਦਰਜਾਬੰਦੀ ਵਿੱਚ ਸੁਧਾਰ ਕਰਨਾ ਚਾਹੁੰਦਾ ਹੈ। ਚੰਦੀਮਲ ਨੇ ਕਿਹਾ ਕਿ ਪਿਛਲੇ ਸਾਲ ਵੀ ਟੀਮ ਕਾਫੀ ਉਤਰਾਅ-ਚੜ੍ਹਾਅ ਵਿੱਚੋਂ ਲੰਘੀ ਹੈ। ਟੀਮ ਵਿੱਚ ਨਵੇਂ ਪੁਰਾਣੇ ਖਿਡਾਰੀਆਂ ਦਾ ਸੁਮੇਲ ਹੈ। ਸ੍ਰੀਲੰਕਾ ਇਸ ਸਮੇਂ ਟੈਸਟ ਕਿ੍ਕਟ ਵਿੱਚ ਸੱਤਵੇਂ ਨੰਬਰ ਉੱਤੇ ਹੈ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਜ਼ਿੰਬਾਬਵੇ ਵਿਰੁੱਧ ਟੀਮ ਜਿੱਤ ਨਾਲ ਸ਼ੁਰੂਆਤ ਕਰੇਗੀ। ਭਲਕੇ ਟੈਸਟ ਮੈਚ ਵਿੱਚ ਧਨੁਸ਼ਕਾ ਗੁਣਤਿਲਕ ਨੂੰ ਟੈਸਟ ਕਿ੍ਕਟ ਵਿੱਚ ਆਪਣੇ ਕਰੀਅਰ ਦੀ  ਸ਼ੁਰੂਆਤ ਕਰਨ ਦਾ ਮੌਕਾ ਮਿਲ ਸਕਦਾ ਹੈ। ਉਹ ਤਜਰਬੇਕਾਰ ਦਿਮੁਥ ਕਰੁਣਾਰਤਨੇ ਨਾਲ ਪਾਰੀ ਦੀ ਸ਼ੁਰੂਆਤ ਕਰ ਸਕਦਾ ਹੈ। ਤੇਜ਼ ਗੇਂਦਬਾਜ ਵਿਸ਼ਵ ਫਰਨਾਡੋ ਵੀ  ਟੀਮ ਵਿੱਚ ਸ਼ਾਮਲ ਹੈ ਜਦੋਂਕਿ 373 ਟੈਸਟ ਵਿਕਟ ਲੈਣ ਵਾਲਾ ਰੰਗਨਾ ਹੈਰਾਥ ਅਤੇ ਦਿਲਰੂਵਾਨ ਪਰੇਰਾ ਸਪਿਨ ਹਮਲੇ ਦੀ ਅਗਵਾਈ ਕਰਨਗੇ।
ਦੂਜੇ ਪਾਸੇ ਜ਼ਿੰਬਾਬਵੇ ਦੀ ਟੀਮ ਜਿੱਤ ਨਾਲ ਪੂਰੀ ਤਰ੍ਹਾਂ ਉਤਸ਼ਾਹ ਵਿੱਚ ਹੈ। ਟੀਮ ਆਪਣੇ ਪ੍ਰਦਰਸ਼ਨ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗੀ। ਟੀਮ ਫਿਰ ਤੋਂ ਹੈਮਿਲਟਨ ਮਾਸਕਾਦਜ਼ਾ ਉੱਤੇ ਨਿਰਭਰ ਕਰੇਗੀ ਜਿਸ ਨੂੰ ਇੱਕ ਰੋਜ਼ਾ ਲੜੀ ਵਿੱਚ ਮੈਨ ਆਫ ਦੀ ਸੀਰੀਜ਼ ਚੁਣਿਆ ਗਿਆ ਹੈ। ਜ਼ਿੰਬਾਬਵੇ ਦੇ ਕਪਤਾਨ ਗਰੀਮ ਕਰੈਮਰ ਦਾ ਕਹਿਣਾ ਹੈ ਕਿ ਇਹ ਦੌਰਾ ਉਨ੍ਹਾਂ ਲਈ ਖਾਸ ਹੈ, ਉਹ ਦੌਰੇ ਦਾ ਸ਼ਾਨਦਾਰ ਅੰਤ ਕਰਨ ਲਈ ਟੈਸਟ ਮੈਚ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਨਗੇ।