ਓਟਵਾ, 16 ਅਗਸਤ : ਟਰੂਡੋ ਵੱਲੋਂ ਚੋਣਾਂ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਫੈਡਰਲ ਚੋਣ ਕੈਂਪੇਨ ਦੀ ਰਸਮੀ ਸੁ਼ਰੂਆਤ ਅੱਜ ਤੋਂ ਹੋ ਗਈ।
ਸਵੇਰੇ 10:00 ਵਜੇ ਨਿਊਜ਼ ਕਾਨਫਰੰਸ ਕਰਨ ਤੋਂ ਬਾਅਦ ਲਿਬਰਲ ਆਗੂ ਜਸਟਿਨ ਟਰੂਡੋ ਅੱਜ ਲੌਗੁਇਲ, ਕਿਊਬਿਕ ਛੱਡਣਗੇ ਤੇ ਰਸਤੇ ਵਿੱਚ ਕਈ ਥਾਂਵਾਂ ਉੱਤੇ ਰੁਕਦੇ ਹੋਏ ਕੋਬਰਗ, ਓਨਟਾਰੀਓ ਜਾਣਗੇ।ਸਵੇਰ ਵੇਲੇ ਟਰੂਡੋ ਵੱਲੋਂ ਕੀਤੇ ਜਾਣ ਵਾਲੇ ਐਲਾਨ ਤੋਂ ਬਾਅਦ ਐਨਡੀਪੀ ਆਗੂ ਜਗਮੀਤ ਸਿੰਘ ਟੋਰਾਂਟੋ ਵਿੱਚ ਚੋਣਾਂ ਸਬੰਧੀ ਐਲਾਨ ਕਰਨਗੇ।ਲਿਬਰਲਾਂ ਦੇ ਇਸ ਗੜ੍ਹ ਨੂੰ ਜਗਮੀਤ ਸਿੰਘ ਸੰਤਰੀ ਰੰਗ ਵਿੱਚ ਰੰਗਣਾਂ ਚਾਹੁੰਦੇ ਹਨ।
ਇਸ ਦੌਰਾਨ ਕੰਜ਼ਰਵੇਟਿਵ ਆਗੂ ਐਰਿਨ ਓਟੂਲ ਅੱਜ ਓਟਵਾ ਡੇਰਾ ਲਾਉਣਗੇ।ਪਰ ਨਿਊਫਾਊਂਡਲੈਂਡ ਐਂਡ ਲੈਬਰਾਡੌਰ ਤੇ ਓਨਟਾਰੀਓ ਦੀਆਂ ਕਮਿਊਨਿਟੀਜ਼ ਨੂੰ ਉਹ ਵਰਚੂਅਲ ਟੈਲੀਫੋਨ ਟਾਊਨ ਹਾਲਜ਼ ਰਾਹੀਂ ਸੰਬੋਧਨ ਕਰਨਗੇ।ਇਸ ਦੌਰਾਨ ਉਨ੍ਹਾਂ ਦੀ ਟੀਮ ਵੱਲੋਂ ਵੱਡੇ ਐਲਾਨ ਦੇ ਸੰਕੇਤ ਵੀ ਦਿੱਤੇ ਜਾ ਰਹੇ ਹਨ।
ਟਰੂਡੋ ਦੀ ਬੇਨਤੀ ਉੱਤੇ ਗਵਰਨਰ ਜਨਰਲ ਮੈਰੀ ਸਾਇਮਨ ਨੇ ਐਤਵਾਰ ਸਵੇਰੇ ਸੰਸਦ ਭੰਗ ਕਰ ਦਿੱਤੀ ਸੀ ਤੇ ਹੁਣ ਕੈਨੇਡਾ ਵਿੱਚ 20 ਸਤੰਬਰ ਨੂੰ ਵੋਟਾਂ ਪੈਣਗੀਆਂ।