ਨੋਵਾ ਸਕੋਸ਼ੀਆ, 15 ਮਾਰਚ: ਚੀਨ ਤੇ ਹੋਰਨਾਂ ਦੇਸ਼ਾਂ ਵੱਲੋਂ ਫੈਡਰਲ ਚੋਣਾਂ ਵਿੱਚ ਕੀਤੀ ਗਈ ਦਖ਼ਲਅੰਦਾਜ਼ੀ ਦੇ ਮਾਮਲੇ ਵਿੱਚ ਹਾਲਾਤ ਦਾ ਜਾਇਜ਼ਾ ਲੈਣ ਲਈ ਸਪੈਸ਼ਲ ਮਾਹਿਰ ਨਿਯੁਕਤ ਕਰਨ ਦਾ ਪ੍ਰਧਾਨ ਮੰਤਰੀ ਟਰੂਡੋ ਵੱਲੋਂ ਇੱਕ ਹਫਤੇ ਪਹਿਲਾਂ ਐਲਾਨ ਕੀਤਾ ਗਿਆ ਸੀ। ਟਰੂਡੋ ਨੇ ਹੁਣ ਵੀ ਇਹੋ ਆਖਿਆ ਹੈ ਕਿ ਆਉਣ ਵਾਲੇ ਦਿਨਾਂ ਜਾਂ ਹਫਤਿਆਂ ਵਿੱਚ ਕੈਨੇਡੀਅਨਜ਼ ਨੂੰ ਇਹ ਪਤਾ ਲੱਗ ਜਾਵੇਗਾ ਕਿ ਇਸ ਕੰਮ ਲਈ ਕਿਸਨੂੰ ਨਿਯੁਕਤ ਕੀਤਾ ਗਿਆ ਹੈ।
ਮੰਗਲਵਾਰ ਨੂੰ ਨੋਵਾ ਸਕੋਸ਼ੀਆ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਆਖਿਆ ਕਿ ਅਸੀਂ ਇਹ ਜਾਣਦੇ ਹਾਂ ਕਿ ਸਾਡੇ ਸਿਸਟਮ ਵਿੱਚ ਭਰੋਸਾ ਰੱਖਣਾ ਕੈਨੇਡੀਅਨਜ਼ ਲਈ ਕਿੰਨਾ ਜ਼ਰੂਰੀ ਹੈ ਤੇ ਇਸ ਲਈ ਸਾਨੂੰ ਸਹੀ ਆਜ਼ਾਦ ਮਾਹਿਰ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਇੱਥੇ ਮਸਲਾ ਇਹ ਨਹੀਂ ਹੈ ਕਿ ਇੱਕ ਸਿਆਸੀ ਪਾਰਟੀ ਜਾਂ ਦੂਜੀ ਪਾਰਟੀ ਕੀ ਆਖਦੀ ਹੈ।ਉਨ੍ਹਾਂ ਆਖਿਆ ਕਿ ਇਹ ਯਕੀਨੀ ਬਣਾਉਣਾ ਵੀ ਜ਼ਰੂਰੀ ਹੈ ਕਿ ਸਾਡੀ ਜਮਹੂਰੀ ਪ੍ਰਕਿਰਿਆ ਦੀ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਮਾਹਿਰ ਰਲ ਕੇ ਕੰਮ ਕਰ ਰਹੇ ਹਨ।
ਇਸ ਮੁੱਦੇ ਉੱਤੇ ਕੈਨੇਡੀਅਨਜ਼ ਵੱਲੋਂ ਹਾਸਲ ਹੋ ਰਹੇ ਰਲਵੇਂ ਮਿਲਵੇਂ ਵਿਚਾਰਾਂ ਨੂੰ ਧਿਆਨ ਵਿੱਚ ਰੱਖਦਿਆਂ ਟਰੂਡੋ ਨੇ ਤਹੱਈਆ ਪ੍ਰਗਟਾਇਆ ਹੈ ਕਿ ਜਿਸ ਵੀ ਮਾਹਿਰ ਨੂੰ ਇਸ ਕੰਮ ਲਈ ਚੁਣਿਆ ਜਾਂਦਾ ਹੈ ਉਸ ਵੱਲੋਂ ਜੇ ਜਾਂਚ ਕਰਵਾਉਣ ਦਾ ਹੁਕਮ ਦਿੱਤਾ ਜਾਵੇਗਾ ਤਾਂ ਲਿਬਰਲ ਉਸ ਦੇ ਫੈਸਲੇ ਉੱਤੇ ਫੁੱਲ ਚੜ੍ਹਾਉਣਗੇ।