ਮੌਂਟਰੀਅਲ, 17 ਜਨਵਰੀ
ਕੈਨੇਡਾ ਨੇ ਪੇਈਚਿੰਗ ਨੂੰ ਅਪੀਲ ਕੀਤੀ ਹੈ ਕਿ ਉਹ ਨਸ਼ਾ ਤਸਕਰੀ ਦੇ ਦੋਸ਼ ’ਚ ਮੌਤ ਦੀ ਸਜ਼ਾਯਾਫ਼ਤਾ ਕੈਨੇਡੀਅਨ ਨਾਗਰਿਕ ਨਾਲ ਨਰਮਾਈ ਵਰਤੇ। ਚੀਨ ਨੇ ਕੈਨੇਡੀਅਨ ਨਾਗਰਿਕ ਰੌਬਰਟ ਲੌਇਡ ਸ਼ੈਲਨਬਰਗ (36) ਨੂੰ ਨਸ਼ਾ ਤਸਕਰੀ ਦੇ ਦੋਸ਼ ’ਚ ਸੋਮਵਾਰ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਇਸ ਸਜ਼ਾ ਨਾਲ ਦੋਵਾਂ ਮੁਲਕਾਂ ’ਚ ਪਿਛਲੇ ਮਹੀਨੇ ਤੋਂ ਚੱਲ ਰਿਹਾ ਸਫ਼ਾਰਤੀ ਵਿਵਾਦ ਮੁੜ ਭੜਕ ਗਿਆ ਹੈ। ਸਜ਼ਾ ਦੇ ਐਲਾਨ ਮਗਰੋਂ ਓਟਾਵਾ ਨੇ ਆਪਣੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਚੀਨ ਦੇ ਪੱਖਪਾਤੀ ਕਾਨੂੰਨਾਂ ਦੇ ਮੱਦੇਨਜ਼ਰ ਇਸ ਮੁਲਕ ਦੀ ਫ਼ੇਰੀ ਤੋਂ ਗੁਰੇਜ਼ ਕਰਨ। ਕੈਨੇਡਾ ਦੇ ਵਿਦੇਸ਼ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਕਿਊਬੈਕ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਸ਼ੈਲਨਬਰਗ ਬਾਰੇ ਅਸੀਂ ਚੀਨੀ ਸਫ਼ੀਰ ਨਾਲ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਤੇ ਰਹਿਮ ਦੀ ਅਪੀਲ ਕਰਦੇ ਹਾਂ।’ ਫ਼੍ਰੀਲੈਂਡ ਨੇ ਕਿਹਾ, ‘ਕੈਨੇਡਾ ਲੰਮੇ ਸਮੇਂ ਤੋਂ ਮੌਤ ਦੀ ਸਜ਼ਾ ਦਾ ਵਿਰੋਧ ਕਰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੌਤ ਦੀ ਸਜ਼ਾ ਗੈਰਮਨੁੱਖੀ ਤੇ ਗੈਰਵਾਜਬ ਹੈ ਤੇ ਜਿੱਥੇ ਕੀਤੇ ਵੀ ਮੌਤ ਦੀ ਸਜ਼ਾ ’ਤੇ ਵਿਚਾਰ ਹੁੰਦਾ ਹੈ, ਅਸੀਂ ਉਹਦਾ ਵਿਰੋਧ ਕਰਾਂਗੇ।’