ਪੇਈਚਿੰਗ, 2 ਦਸੰਬਰ

ਭਾਰਤ ਨੇ ਚੀਨ ਦੇ ਸਾਬਕਾ ਰਾਸ਼ਟਰਪਤੀ ਜਿਆਂਗ ਜ਼ੇਮਿਨ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ ਹੈ। ਦੋਵਾਂ ਦੇਸ਼ਾਂ ਵਿਚਾਲੇ 1950 ਦੌਰਾਨ ਸਿਆਸੀ ਸਬੰਧ ਸਥਾਪਤ ਹੋਣ ਮਗਰੋਂ 1996 ਵਿੱਚ ਉਹ ਨਵੀਂ ਦਿੱਲੀ ਦਾ ਦੌਰਾ ਕਰਨ ਵਾਲੇ ਪਹਿਲੇ ਚੀਨੀ ਰਾਜ ਮੁਖੀ ਸਨ। ਜਿਆਂਗ 1993 ਤੋਂ 2003 ਤੱਕ ਚੀਨ ਦੇ ਰਾਸ਼ਟਰਪਤੀ ਰਹੇ। ਉਨ੍ਹਾਂ ਦਾ 96 ਸਾਲ ਦੀ ਉਮਰ ਵਿੱਚ ਬਲੱਡ ਕੈਂਸਰ ਅਤੇ ਕਈ ਅੰਗਾਂ ਦੇ ਕੰਮ ਬੰਦ ਕਰ ਦੇਣ ਕਾਰਨ ਸ਼ੰਘਾਈ ਵਿੱਚ ਦੇਹਾਂਤ ਹੋ ਗਿਆ। ਇਸ ਸਬੰਧੀ ਅਧਿਕਾਰਕ ਐਲਾਨ ਅੱਜ ਇੱਥੇ ਕੀਤਾ ਗਿਆ। ਪੇਈਚਿੰਗ ਵਿੱਚ ਭਾਰਤੀ ਦੂਤਾਵਾਸ ਨੇ ਅੱਜ ਸੋਸ਼ਲ ਮੀਡੀਆ ਪਲੈਟਫਾਰਮ ‘ਵੀਬੋ’ ਉੱਤੇ ਆਪਣੇ ਅਕਾਊਂਟ ’ਤੇ ਇੱਕ ਪੋਸਟ ਸਾਂਝੀ ਕਰਦਿਆਂ ਚੀਨ ਦੇ ਸਾਬਕਾ ਰਾਸ਼ਟਰਪਤੀ ਜ਼ੇਮਿਨ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।