ਤਾਇਪੇ, 28 ਨਵੰਬਰ

ਚੀਨ ਅੰਦਰ ਸਖਤ ਕੋਵਿਡ ਲੌਕਡਾਊਨ ਦਾ ਵਿਰੋਧ ਕਰਨ ਵਾਲੇ ਜਨਤਕ ਪ੍ਰਦਰਸ਼ਨ ਤੇਜ਼ ਹੋ ਗਏ ਹਨ ਜਦਕਿ ਅੱਜ ਰਿਪੋਰਟ ਕੀਤੇ ਗਏ ਕਰੋਨਾ ਦੇ 40 ਹਜ਼ਾਰ ਨਵੇਂ ਕੇਸ ਵੀ ਸਾਹਮਣੇ ਆਉਣ ਨਾਲ ਇਹ ਮਹਾਮਾਰੀ ਵੀ ਤੇਜ਼ੀ ਨਾਲ ਵਧਣ ਲੱਗੀ ਹੈ।ਚੀਨੀ ਸੋਸ਼ਲ ਮੀਡੀਆ ਤੇ ਟਵਿੱਟਰ ’ਤੇ ਇਨ੍ਹਾਂ ਰੋਸ ਮੁਜ਼ਾਹਰਿਆਂ ਦੀਆਂ ਕਈ ਵੀਡੀਓਜ਼ ਸਾਹਮਣੇ ਆਈਆਂ ਹਨ ਜਿਨ੍ਹਾਂ ’ਚ ਇੱਕ ਸ਼ੰਘਾਈ ਦਾ ਰੋਸ ਮੁਜ਼ਾਹਰਾ ਵੀ ਸ਼ਾਮਲ ਹੈ ਜਿੱਥੇ ਗੁੱਸੇ ’ਚ ਆਏ ਲੋਕ ਸੱਤਾ ’ਤੇ ਕਾਬਜ਼ ਕਮਿਊਨਿਸਟ ਪਾਰਟੀ ਆਫ ਚਾਈਨਾ (ਸੀਪੀਸੀ) ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ। ਪੁਲੀਸ ਨੇ ਕਈ ਮੁਜ਼ਾਹਰਾਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੇਸ਼ ਦੀਆਂ ਵੱਖ ਵੱਖ ਯੂਨੀਵਰਸਿਟੀਆਂ ਦੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਹਨ ਜਿੱਥੇ ਵਿਦਿਆਰਥੀ ਲੌਕਡਾਊਨ ਦਾ ਵਿਰੋਧ ਕਰਦੇ ਨਜ਼ਰ ਆ ਰਹੇ ਹਨ। ਬੀਤੇ ਦਿਨ ਸਰਕਾਰ ਸ਼ਿਨਜਿਆਂਗ ਦੀ ਸੂਬਾਈ ਰਾਜਧਾਨੀ ਉਰੂਮਕੀ ’ਚ ਲੌਕਡਾਊਨ ਲਾਗੂ ਕਰਨ ਤੋਂ ਪਿੱਛੇ ਹਟ ਗਈ ਸੀ ਜਿੱਥੇ ਲੰਘੇ ਵੀਰਵਾਰ ਇੱਕ ਅਪਾਰਟਮੈਂਟ ਬਲਾਕ ’ਚ ਅੱਗ ਲੱਗਣ ਕਾਰਨ 10 ਜਣਿਆਂ ਦੀ ਮੌਤ ਹੋ ਗਈ ਸੀ ਤੇ ਨੌਂ ਜ਼ਖ਼ਮੀ ਹੋਏ ਸਨ। ਇਹ ਅਪਾਰਟਮੈਂਟ ਕੋਵਿਡ ਲੌਕਡਾਊਨ ਅਧੀਨ ਸੀ। ਲੰਘੇ ਹਫ਼ਤੇ ਉਰੂਮਕੀ ’ਚ ਵੱਡੇ ਪੱਧਰ ’ਤੇ ਰੋਸ ਮੁਜ਼ਾਹਰੇ ਹੋਏ ਸਨ ਜਿੱਥੇ ਉਈਗਰ ਮੁਸਲਮਾਨਾਂ ਦੇ ਨਾਲ ਵੱਡੀ ਗਿਣਤੀ ’ਚ ਚੀਨੀ ਨਾਗਰਿਕਾਂ ਨੇ ਵੀ ਹਿੱਸਾ ਲਿਆ।

ਹਾਂਗਕਾਂਗ ਸਥਿਤ ਸਾਊਥ ਚਾਈਨਾ ਮੌਰਨਿੰਗ ਪੋਸਟ ਨੇ ਦੱਸਿਆ ਕਿ ਉਰੂਮਕੀ ਦੇ ਅਧਿਕਾਰੀਆਂ ਨੇ ਅੱਜ ਕਿਹਾ ਕਿ ਤਿੰਨ ਮਹੀਨੇ ਦੇ ਲੌਕਡਾਊਨ ਖ਼ਿਲਾਫ਼ ਰੋਸ ਮੁਜ਼ਾਹਰਿਆਂ ਨੂੰ ਦੇਖਦਿਆਂ ਗੇੜਾਂ ਦੇ ਵਿੱਚ ਕਰੋਨਾ ਪਾਬੰਦੀਆਂ ਹਟਾ ਦਿੱਤੀਆਂ ਜਾਣਗੀਆਂ। ਵਿਰੋਧ ਪ੍ਰਦਰਸ਼ਨਾਂ ਦੀ ਫੁਟੇਜ ’ਚ ਲੋਕ ਸਰਕਾਰੀ ਦਫ਼ਤਰ ਦੇ ਬਾਹਰ ਇੱਕ ਚੌਕ ’ਤੇ ਸਰਕਾਰ ਖ਼ਿਲਾਫ਼ ਨਾਅਰੇ ਮਾਰਦੇ ਤੇ ਰਾਸ਼ਟਰੀ ਗਾਣ ਗਾਉਂਦੇ ਦਿਖਾਈ ਦਿੱਤੇ। ਬਾਅਦ ਵਿੱਚ ਇਹ ਵੀਡੀਓ ਫੁਟੇਜ ਸੈਂਸਰ ਕਰ ਦਿੱਤੀਆਂ ਗਈਆਂ।