ਸਿੰਗਾਪੁਰ, 13 ਜੂਨ
ਚੀਨ ਦੇ ਰੱਖਿਆ ਮੰਤਰੀ ਜਨਰਲ ਵੇਈ ਫੈਨਗੇ ਨੇ ਬੀਤੇ ਦਿਨ ਕਿਹਾ ਕਿ ਚੀਨ ਤੇ ਭਾਰਤ ਗੁਆਂਢੀ ਹਨ ਅਤੇ ਆਪਸ ਵਿੱਚ ਚੰਗੇ ਸਬੰਧ ਬਣਾ ਕੇ ਰੱਖਣਾ ਦੋਹਾਂ ਦੇਸ਼ਾਂ ਦੇ ਹਿੱਤਾਂ ਨੂੰ ਪੂਰਾ ਕਰਦਾ ਹੈ ਤੇ ਦੋਵੇਂ ਦੇਸ਼ ਅਸਲ ਕੰਟਰੋਲ ਰੇਖਾ ’ਤੇ ਸ਼ਾਂਤੀ ਲਈ ਮਿਲ ਕੇ ਕੰਮ ਕਰ ਰਹੇ ਹਨ।
ਇੱਥੇ ਸ਼ੰਗਰੀ-ਲਾ-ਡਾਇਲਾਗ ਨੂੰ ਸੰਬੋਧਨ ਕਰਦਿਆਂ ਫੈਨਗੇ ਨੇ ਦੱਖਣੀ ਚੀਨ ਸਾਗਰ ਸਣੇ ਖੇਤਰੀ ਵਿਵਾਦਾਂ ਨੂੰ ਸੁਲਝਾਉਣ ਲਈ ਸ਼ਾਂਤੀਪੂਰਨ ਤਰੀਕੇ ਅਪਨਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, ‘‘ਚੀਨ ਅਤੇ ਭਾਰਤ ਗੁਆਂਢੀ ਹਨ ਅਤੇ ਚੰਗੇ ਸਬੰਧ ਬਣਾ ਕੇ ਰੱਖਣਾ ਦੋਹਾਂ ਦੇਸ਼ਾਂ ਦੇ ਹਿੱਤਾਂ ਨੂੰ ਪੂਰਾ ਕਰਦਾ ਹੈ ਅਤੇ ਇਹੀ ਵਜ੍ਹਾ ਹੈ ਕਿ ਅਸੀਂ ਇਸੇ ’ਤੇ ਕੰਮ ਕਰ ਰਹੇ ਹਾਂ।’’ ਭਾਰਤ ਨਾਲ ਅਸਲ ਕੰਟਰੋਲ ਰੇਖਾ ’ਤੇ ਸੰਘਰਸ਼ ਬਾਰੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ, ‘‘ਅਸੀਂ ਭਾਰਤੀਆਂ ਨਾਲ ਕਮਾਂਡਰ ਪੱਧਰ ’ਤੇ 15 ਗੇੜ ਦੀ ਗੱਲਬਾਤ ਕੀਤੀ ਹੈ ਅਤੇ ਅਸੀਂ ਇਸ ਖੇਤਰ ਵਿੱਚ ਸ਼ਾਂਤੀ ਸਥਾਪਤ ਕਰਨ ਲਈ ਮਿਲ ਕੇ ਕੰਮ ਕਰ ਰਹੇ ਹਾਂ।’’ ਵੀ ਅਮਰੀਕੀ ਥਿੰਕ ਟੈਂਕ ਬਰੂਕਿੰਗ ਇੰਸਟੀਚਿਊਸ਼ਨ ’ਚ ਦਿ ਇੰਡੀਆ ਪ੍ਰਾਜੈਕਟ ਦੀ ਡਾਇਰੈਕਟਰ ਡਾ. ਤਨਵੀ ਮਦਾਨ ਦੇ ਇਕ ਸਵਾਲ ਦਾ ਜਵਾਬ ਦੇ ਰਹੇ ਸਨ।