ਬਠਿੰਡਾ, ਪੰਜਾਬ ਦੀ ਨਰਮਾ ਪੱਟੀ ਵਿੱਚ ‘ਸਭ ਅੱਛਾ’ ਹੈ ਅਤੇ ਚਿੱਟੀ ਮੱਖੀ ਦਾ ਹੱਲਾ ਕੋਈ ਨੁਕਸਾਨ ਵਾਲਾ ਨਹੀਂ ਹੈ। ਕੇਂਦਰ ਸਰਕਾਰ ਦੀ ਟੀਮ ਨੇ ਖੇਤੀ ਮੰਤਰਾਲੇ ਨੂੰ ਸੌਂਪੀ ਰਿਪੋਰਟ ਵਿੱਚ ਇਹ ਖੁਲਾਸਾ ਕੀਤਾ ਹੈ। ਕੇਂਦਰੀ ਰਿਪੋਰਟ ਵਿੱਚ ਨਰਮਾ ਪੱਟੀ ਵਿੱਚ ਚਿੱਟੀ ਮੱਖੀ ਦਾ ਹਮਲਾ ‘ਅੰਡਰ ਕੰਟਰੋਲ’ ਦੱਸਿਆ ਗਿਆ ਹੈ।
ਖੇਤੀ ਮੰਤਰਾਲੇ ਨੇ ਇਸ ਰਿਪੋਰਟ ਮਗਰੋਂ ਹੁਣ ਪੰਜਾਬ ਸਰਕਾਰ ਨੂੰ ਭਵਿੱਖ ਲਈ ਸਲਾਹ ਮਸ਼ਵਰਾ ਭੇਜਿਆ ਹੈ। ਮੰਤਰਾਲੇ ਦੀ ਟੀਮ ਨੇ 17 ਤੋਂ 19 ਅਗਸਤ ਤੱਕ ਜ਼ਿਲ੍ਹਾ ਮਾਨਸਾ, ਬਠਿੰਡਾ, ਮੁਕਤਸਰ ਤੇ ਫਾਜ਼ਿਲਕਾ ਦੇ ਚਿੱਟੀ ਮੱਖੀ ਤੋਂ ਪ੍ਰਭਾਵਿਤ ਖੇਤ ਵੇਖੇ ਸਨ। ਹਾਲਾਂਕਿ ਇਨ੍ਹਾਂ ਜ਼ਿਲ੍ਹਿਆਂ ਵਿੱਚ ਕਈ ਕਿਸਾਨਾਂ ਨੂੰ ਚਿੱਟੀ ਮੱਖੀ ਕਰ ਕੇ ਫਸਲ ਵਾਹੁਣੀ ਪਈ ਹੈ।     ਕੇਂਦਰੀ ਟੀਮ ਨੇ ਖੇਤੀ ਮੰਤਰਾਲੇ ਦੇ ਸੰਯੁਕਤ ਸਕੱਤਰ ਨੂੰ ਰਿਪੋਰਟ ਸੌਂਪੀ ਸੀ, ਜਿਸ ਦੇ ਆਧਾਰ ’ਤੇ ਕੇਂਦਰ ਸਰਕਾਰ ਨੇ ਖੇਤੀ ਵਿਭਾਗ ਪੰਜਾਬ ਨੂੰ ਕੁਝ ਸਿਫ਼ਾਰਸ਼ਾਂ ਭੇਜੀਆਂ ਹਨ। ਕੇਂਦਰੀ ਰਿਪੋਰਟ ਅਨੁਸਾਰ ਖੇਤੀ ਮਾਹਿਰਾਂ ਨੇ ਨਰਮਾ ਪੱਟੀ ਵਿੱਚ ਕਰੀਬ 38 ਨਰਮੇ ਦੇ ਖੇਤ ਵੇਖੇ, ਜਿਨ੍ਹਾਂ ਵਿੱਚੋਂ 10 ਖੇਤਾਂ ਵਿੱਚ ਚਿੱਟੀ ਮੱਖੀ ਦਾ ਹਮਲਾ ਦਿਸਿਆ, ਜਿੱਥੇ ਕੀਟਨਾਸ਼ਕਾਂ ਦੇ ਛਿੜਕਾਓ ਦੀ ਲੋੜ ਸੀ। ਕੇਂਦਰੀ ਰਿਪੋਰਟ ਵਿੱਚ ਤਿੰਨ ਕਾਰਨ ਦੱਸੇ ਗਏ ਹਨ, ਜਿਨ੍ਹਾਂ ਵਿੱਚ ਕਿਸਾਨਾਂ ਦੀ ਬੇਧਿਆਨੀ, ਪਾਣੀ ਦੀ ਸਮੱਸਿਆ ਅਤੇ ਪੌਦਿਆਂ ਦੀ ਘੱਟ ਗਿਣਤੀ ਸ਼ਾਮਲ ਹੈ।
ਮਾਹਿਰਾਂ ਨੇ ਰਿਪੋਰਟ ਵਿੱਚ ਆਖਿਆ ਕਿ ਪੰਜਾਬ ਵਿੱਚ ਚਿੱਟੀ ਮੱਖੀ ਕਾਰਨ ਕੋਈ ਨੁਕਸਾਨ ਵਾਲੀ ਗੱਲ ਨਹੀਂ ਹੈ।    ਕੇਂਦਰੀ ਰਿਪੋਰਟ ਵਿੱਚ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ ਹੈ ਅਤੇ ਖੇਤੀ ਵਿਭਾਗ ਪੰਜਾਬ ਦੀ ਪਿੱਠ ਥਾਪੜੀ ਹੈ।
ਂਦਰ ਦੀ 16 ਪੰਨਿਆਂ ਦੀ ਰਿਪੋਰਟ ਵਿੱਚ ਪੰਜਾਬ ਖੇਤੀ ’ਵਰਸਿਟੀ ਨੂੰ ਚਿੱਟੀ ਮੱਖੀ ਨੂੰ ਕੰਟਰੋਲ ਕਰਨ ਖਾਤਰ ਸਿਫ਼ਾਰਸ਼ ਕੀਤੇ ਕੀਟਨਾਸ਼ਕਾਂ ਦੀ ਗਿਣਤੀ ਵਿੱਚ ਵਾਧਾ ਕਰਨ ਦਾ ਸੁਝਾਅ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਪੰਜਾਬ ਵਿੱਚ ਐਤਕੀਂ 3.82 ਲੱਖ ਹੈਕਟੇਅਰ ਰਕਬੇ ਵਿੱਚ ਨਰਮੇ ਕਪਾਹ ਦੀ ਬਿਜਾਂਦ ਹੈ, ਜੋ ਪਿਛਲੇ ਵਰ੍ਹੇ 2.85 ਲੱਖ ਹੈਕਟੇਅਰ ਸੀ। ਮੁੱਢਲੇ ਪੜਾਅ ’ਤੇ ਨਰਮਾ ਪੱਟੀ ਵਿੱਚ ਚਿੱਟੀ ਮੱਖੀ ਨੇ ਜ਼ੋਰਦਾਰ ਹੱਲਾ ਬੋਲਿਆ ਸੀ, ਜਿਸ ਦੇ ਨਤੀਜੇ ਵਜੋਂ ਇਨ੍ਹਾਂ ਜ਼ਿਲ੍ਹਿਆਂ ਵਿੱਚ ਕਈ ਕਿਸਾਨਾਂ ਨੇ ਚਿੱਟੀ ਮੱਖੀ ਅੱਗੇ ਹਥਿਆਰ ਸੁੱਟ ਦਿੱਤੇ ਸਨ।
ਮੁੱਖ ਮੰਤਰੀ ਨੇ ਨਰਮਾ ਪੱਟੀ ਦਾ ਦੌਰਾ ਕਰ ਕੇ ਚਿੱਟੀ ਮੱਖੀ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਵੀ ਲਿਆ ਸੀ। ਫਸਲਾਂ ਵਾਹੁਣ ਵਾਲੇ ਕਿਸਾਨਾਂ ਨੂੰ ਉਮੀਦ ਸੀ ਕਿ ਮੁੱਖ ਮੰਤਰੀ ਮੁਆਵਜ਼ੇ ਦਾ ਐਲਾਨ ਕਰਨਗੇ ਪਰ ਉਨ੍ਹਾਂ ਤਾਂ ਗਿਰਦਾਵਰੀ ਦੇ ਹੁਕਮ ਵੀ ਨਹੀਂ ਕੀਤੇ। ਖੇਤੀ ਮਹਿਕਮੇ ਨੇ ਆਪਣੀ ਸਰਕਾਰੀ ਰਿਪੋਰਟ ਵਿੱਚ ਨਰਮਾ ਪੱਟੀ ਵਿੱਚ ਚਿੱਟੀ ਮੱਖੀ ਕਰ ਕੇ ਸਿਰਫ਼ 45 ਏਕੜ ਨਰਮਾ ਵਾਹੁਣ ਦੀ ਗੱਲ ਆਖੀ ਸੀ। ਹਕੀਕਤ ਇਹ ਹੈ ਕਿ ਐਤਕੀਂ ਚਿੱਟੀ ਮੱਖੀ ਨੇ ਕਿਸਾਨਾਂ ਦੇ ਲਾਗਤ ਖਰਚੇ ਵਧਾਏ ਹਨ ਅਤੇ ਚਿੱਟੀ ਮੱਖੀ ਕੰਟਰੋਲ ਕਰਨ ਖਾਤਰ ਕਈ ਕਈ ਛਿੜਕਾਓ ਕਰਨੇ ਪਏ ਹਨ।      ਅੰਤਰਰਾਜੀ ਮੌਨੀਟਰਿੰਗ ਕਮੇਟੀ ਨੇ ਨਰਮਾ ਪੱਟੀ ਵਿੱਚ ਕਈ ਮੀਟਿੰਗਾਂ ਕੀਤੀਆਂ ਅਤੇ ਅੱਜ ਵੀ ਡਿਪਟੀ ਡਾਇਰੈਕਟਰ (ਕਾਟਨ) ਸੁਖਦੇਵ ਸਿੰਘ ਸਿੱਧੂ ਬਠਿੰਡਾ ਤੇ ਮਾਨਸਾ ਦੇ ਖੇਤਾਂ ਵਿੱਚ ਜਾਇਜ਼ਾ ਲੈ ਰਹੇ ਸਨ।
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਹੈ ਕਿ ਕੇਂਦਰੀ ਟੀਮ ਦੀ ਰਿਪੋਰਟ ਤਾਂ ‘ਸਰਕਾਰੀ’ ਹੀ ਨਿਕਲੀ, ਜਦੋਂ ਕਿ ਹਕੀਕਤ ਸਭ ਨੂੰ ਪਤਾ ਹੈ ਕਿ ਨਰਮਾ ਪੱਟੀ ਵਿੱਚ ਚਿੱਟੀ ਮੱਖੀ ਦੇ ਹਮਲੇ ਮਗਰੋਂ ਕਿੰਨੇ ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਹੈ। ਕੇਂਦਰ ਜਾਂ ਪੰਜਾਬ ਸਰਕਾਰ ਨੂੰ ਚਿੱਟੀ ਮੱਖੀ ਕਾਰਨ ਹੋਏ ਨੁਕਸਾਨ ਦੀ ਪੂਰਤੀ ਕਰਨੀ ਚਾਹੀਦੀ ਹੈ।