ਮੈਲਬਰਨ:ਭਾਰਤ ਵਿੱਚ ਕਰੋਨਾ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਆਸਟਰੇਲੀਆ ਵੱਲੋਂ ਭਾਰਤ ਤੋਂ ਆਉਣ ਵਾਲੀਆਂ ਉਡਾਣਾਂ ’ਤੇ 15 ਮਈ ਤਕ ਲਾਈ ਗਈ ਰੋਕ ਬਾਰੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਆਈਪੀਐੱਲ ਵਿੱਚ ਹਿੱਸਾ ਲੈ ਰਹੇ ਆਪਣੇ ਖਿਡਾਰੀਆਂ ਨੂੰ ਦੇਸ਼ ਪਰਤਣ ਲਈ ਖੁਦ ਇੰਤਜ਼ਾਮ ਕਰਨ ਲਈ ਕਿਹਾ ਹੈ। ਮੌਰੀਸਨ ਨੇ ਕਿਹਾ, ‘‘ਉਹ ਨਿੱਜੀ ਯਾਤਰਾ ’ਤੇ ਗਏ ਹਨ। ਇਹ ਕਿਸੇ ਆਸਟਰੇਲਿਆਈ ਦੌਰੇ ਦਾ ਹਿੱਸਾ ਨਹੀਂ ਹੈ। ਉਹ ਆਪਣੇ ਸਾਧਨਾਂ ਨਾਲ ਉਥੇ ਗਏ ਹਨ ਅਤੇ ਮੈਨੂੰ ਯਕੀਨ ਹੈ ਕਿ ਉਹ ਆਪਣੀ ਵਿਵਸਥਾ ਅਨੁਸਾਰ ਪਰਤ ਆਉਣਗੇ।’’

ਇਸ ਦੌਰਾਨ ਮੁੰਬਈ ਇੰਡੀਅਨਜ਼ ਦੇ ਆਸਟਰੇਲਿਆਈ ਬੱਲੇਬਾਜ਼ ਕਰਿਸ ਲਿਨ ਨੇ ਕ੍ਰਿਕਟ ਆਸਟਰੇਲੀਆ (ਸੀਏ) ਨੂੰ ਆਈਪੀਐੱਲ ਖ਼ਤਮ ਹੋਣ ਮਗਰੋਂ ਖਿਡਾਰੀਆਂ ਨੂੰ ਵਾਪਸ ਲਿਆਉਣ ਲਈ ਵਿਸ਼ੇਸ਼ ਉਡਾਨ ਦਾ ਪ੍ਰਬੰਧ ਕਰਨ ਦੀ ਅਪੀਲ ਕੀਤੀ ਹੈ।