ਫਰੈਡਰਿਕਟਨ, 11 ਜੂਨ : ਨਿਊ ਬਰੰਜ਼ਵਿੱਕ ਤੋਂ ਐਮਪੀ ਜੈਨਿਕਾ ਐਟਵਿਨ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਹ ਗ੍ਰੀਨ ਪਾਰਟੀ ਛੱਡ ਕੇ ਲਿਬਰਲ ਕਾਕਸ ਵਿੱਚ ਸ਼ਾਮਲ ਹੋ ਰਹੀ ਹੈ। ਐਟਵਿਨ ਵੱਲੋਂ ਇਹ ਫੈਸਲਾ ਇਜ਼ਰਾਇਲੀ-ਫਲਸਤੀਨੀ ਸੰਘਰਸ਼ ਕਾਰਨ ਗ੍ਰੀਨ ਪਾਰਟੀ ਵਿੱਚ ਪਏ ਪਾੜੇ ਕਾਰਨ ਲਿਆ ਗਿਆ ਦੱਸਿਆ ਜਾਂਦਾ ਹੈ।
ਆਪਣੇ ਫਰੈਡਰਿਕਟਨ ਹਲਕੇ ਵਿੱਚ ਇੱਕ ਨਿਊਜ਼ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਟਵਿਨ ਨੇ ਆਖਿਆ ਕਿ ਗ੍ਰੀਨ ਪਾਰਟੀ ਵਿੱਚ ਰਹਿ ਕੇ ਆਪਣੇ ਹਲਕਾ ਵਾਸੀਆਂ ਲਈ ਕੰਮ ਉੱਤੇ ਧਿਆਨ ਕੇਂਦਰਿਤ ਕਰਨਾ ਬਹੁਤ ਮੁਸ਼ਕਲ ਹੋ ਗਿਆ ਸੀ। ਇਸ ਰੱਦੋਬਦਲ ਨਾਲ ਹਾਊਸ ਆਫ ਕਾਮਨਜ਼ ਵਿੱਚ ਹੁਣ ਗ੍ਰੀਨ ਪਾਰਟੀ ਦੇ ਸਿਰਫ ਦੋ ਐਮਪੀ ਹੀ ਰਹਿ ਗਏ ਹਨ। ਪਾਰਟੀ ਨੀਤੀਗਤ ਵਿਵਾਦਾਂ, ਸੱਤਾ ਨੂੰ ਲੈ ਕੇ ਚੱਲ ਰਹੀ ਖਿੱਚੋਤਾਣ ਤੇ ਵੱਡੀ ਈਗੋ ਨੂੰ ਲੈ ਕੇ ਸੰਘਰਸ਼ ਕਰ ਰਹੀ ਹੈ।
ਅਕਤੂਬਰ 2019 ਵਿੱਚ ਹੋਈਆਂ ਆਮ ਚੋਣਾਂ ਵਿੱਚ ਐਟਵਿਨ ਨੇ ਉਸ ਸਮੇਂ ਇਤਿਹਾਸ ਸਿਰਜਿਆ ਸੀ ਜਦੋਂ ਬ੍ਰਿਟਿਸ਼ ਕੋਲੰਬੀਆ ਦੇ ਪੂਰਬ ਵਿੱਚ ਉਹ ਪਹਿਲੀ ਗ੍ਰੀਨ ਪਾਰਟੀ ਦੀ ਐਮਪੀ ਚੁਣੀ ਗਈ ਸੀ। ਗ੍ਰੀਨ ਪਾਰਟੀ ਵਿਚਲਾ ਇਹ ਅੰਦਰੂਨੀ ਪਾੜਾ ਪਿਛਲੇ ਮਹੀਨੇ ਉਸ ਸਮੇਂ ਜੱਗ ਜਾਹਿਰ ਹੋਇਆ ਜਦੋਂ ਇਜ਼ਰਾਈਲ-ਫਲਸਤੀਨ ਸੰਘਰਸ਼ ਦੇ ਸਬੰਧ ਵਿੱਚ ਐਟਵਿਨ ਨੇ ਖੁੱਲ੍ਹੇਆਮ ਪਾਰਟੀ ਦੀ ਆਗੂ ਅਨੈਮੀ ਪਾਲ ਨੂੰ ਸਥਿਤੀ ਸਪਸ਼ਟ ਕਰਨ ਲਈ ਚੁਣੌਤੀ ਦੇ ਦਿੱਤੀ।
ਐਟਵਿਨ ਨੇ ਆਪਣੀ ਇੱਕ ਟਵਿੱਟਰ ਪੋਸਟ ਉੱਤੇ ਇਜ਼ਰਾਈਲ ਦੇ ਕਬਜੇ ਵਾਲੇ ਫਲਸਤੀਨ ਵਿੱਚ ਚੱਲ ਰਹੀ ਤਾਜ਼ਾ ਹਿੰਸਾ ਬਾਰੇ ਪਾਲ ਦੇ ਰਵਾਇਤੀ ਪੱਖ ਨੂੰ ਬਿਲਕੁਲ ਅਢੁੱਕਵਾਂ ਕਰਾਰ ਦਿੱਤਾ।11 ਮਈ ਨੂੰ ਐਟਵਿਨ ਨੇ ਟਵਿੱਟਰ ਉੱ਼ਤੇ ਲਿਖਿਆ ਕਿ ਉਹ ਫਲਸਤੀਨ ਦੇ ਨਾਲ ਹੈ ਤੇ ਗਾਜ਼ਾ ਉੱਤੇ ਹੋ ਰਹੇ ਹਵਾਈ ਹਮਲਿਆਂ ਦੀ ਨਿਖੇਧੀ ਕਰਦੀ ਹੈ।
ਤਿੰਨ ਦਿਨ ਬਾਅਦ ਪਾਲ ਦੇ ਤਤਕਾਲੀ ਸੀਨੀਅਰ ਸਲਾਹਕਾਰ ਨੋਆਹ ਜੈ਼ਟਜ਼ਮੈਨ ਨੇ ਫੇਸਬੁੱਕ ਪੋਸਟ ਉੱਤੇ ਜਿ਼ਓਨਿਸਟਸ ਨਾਲ ਇੱਕਜੁੱਟਤਾ ਪ੍ਰਗਟਾਈ ਤੇ ਕੁੱਝ ਗ੍ਰੀਨ ਪਾਰਟੀ ਐਮਪੀਜ਼ ਦਾ ਨਾਂ ਲਏ ਬਿਨਾ ਉਨ੍ਹਾਂ ਉੱਤੇ ਪੱਖਪਾਤ ਦਾ ਦੋਸ਼ ਲਾਇਆ।ਪਰ ਉਸ ਸਮੇਂ ਪਾਲ ਨੇ ਆਖਿਆ ਸੀ ਕਿ ਇਹ ਸਿਹਤਮੰਦ ਬਹਿਸ ਹੈ। ਪਾਰਟੀ ਵਿਚਲੀਆਂ ਤਰੇੜਾਂ ਜੱਗਜਾਹਿਰ ਹੋਣ ਤੋਂ ਬਾਅਦ ਪਾਲ ਨੇ ਆਖਿਆ ਸੀ ਕਿ ਉਨ੍ਹਾਂ ਦੀ ਟੀਮ ਅੰਦਰੂਨੀ ਸੁਲ੍ਹਾ ਚਾਹੁੰਦੀ ਹੈ ਪਰ ਗ੍ਰੀਨ ਪਾਰਟੀ ਦੇ ਦੋ ਸਰੋਤਾਂ ਨੇ ਆਖਿਆ ਕਿ ਇਸ ਸੁਲ੍ਹਾਂ ਦੇ ਕੋਈ ਬਹੁਤੇ ਆਸਾਰ ਨਜ਼ਰ ਨਹੀਂ ਆਉਂਦੇ।
ਵੀਰਵਾਰ ਨੂੰ ਫੈਡਰਲ ਇੰਟਰਗਵਰਮੈਂਟਲ ਅਫੇਅਰਜ਼ ਮੰਤਰੀ ਡੌਮੀਨਿਕ ਲੀਬਲੈਂਕ, ਜੋ ਕਿ ਆਪ ਵੀ ਨਿਊ ਬਰੰਜ਼ਵਿੱਕ ਤੋਂ ਐਮਪੀ ਹਨ, ਨੇ ਐਟਵਿਨ ਨੂੰ ਲਿਬਰਲ ਕਾਕਸ ਦੀ ਨਵੀਂ ਮੈਂਬਰ ਵਜੋਂ ਸੱਭ ਦੇ ਰੂ-ਬ-ਰੂ ਕਰਵਾਇਆ।ਇਸ ਮੌਕੇ ਐਟਵਿਨ ਨੇ ਆਖਿਆ ਕਿ ਉਹ ਪਿਛਲੇ ਮਹੀਨੇ ਬਹੁਤ ਜਿ਼ਆਦਾ ਕਸ਼ਮਕਸ਼ ਵਿੱਚੋਂ ਲੰਘੀ ਹੈ।ਉਸ ਦਾ ਕੰਮ ਉੱਤੇ ਧਿਆਨ ਕੇਂਦਰਿਤ ਨਹੀਂ ਸੀ ਹੋ ਰਿਹਾ, ਇਸ ਲਈ ਉਹ ਉੱਥੇ ਜਾ ਰਹੀ ਹੈ ਜਿੱਥੇ ਉਹ ਵਧੀਆ ਢੰਗ ਨਾਲ ਕੰਮ ਕਰ ਸਕੇਗੀ।
ਐਟਵਿਨ ਵੱਲੋਂ ਪਾਲਾ ਬਦਲੇ ਜਾਣ ਨਾਲ ਜਿੱਥੇ ਲਿਬਰਲ ਪਾਰਟੀ ਦਾ ਪੱਲੜਾ ਭਾਰੀ ਹੋ ਗਿਆ ਹੈ ਉੱਥੇ ਹੀ ਪਹਿਲਾਂ ਤੋਂ ਹੀ ਆਪਣੀ ਹੋਂਦ ਨੂੰ ਬਚਾਉਣ ਲਈ ਸੰਘਰਸ਼ ਕਰ ਰਹੀ ਗ੍ਰੀਨ ਪਾਰਟੀ ਨੂੰ ਬਹੁਤ ਵੱਡਾ ਝਟਕਾ ਲੱਗਿਆ ਹੈ। ਪਾਲ ਨੇ ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਸ ਨੂੰ ਐਟਵਿਨ ਦੇ ਇਸ ਫੈਸਲੇ ਉੱਤੇ ਬਹੁਤ ਨਿਰਾਸ਼ਾ ਹੋਈ ਹੈ।