ਨਵੀਂ ਦਿੱਲੀ:ਓਲੰਪਿਕ ’ਚ ਸੋਨ ਤਗ਼ਮਾ ਜੇਤੂ ਭਾਰਤ ਦਾ ਜੈਵਲਿਨ ਥਰੋਅਰ ਨੀਰਜ ਚੋਪੜਾ ਆਲਮੀ ਦਰਜਾਬੰਦੀ ’ਚ ਦੂਜੇ ਸਥਾਨ ’ਤੇ ਪਹੁੰਚ ਗਿਆ ਹੈ। ਓਲੰਪਿਕ ਚੈਂਪੀਅਨ ਬਣਨ ਨਾਲ ਉਸ ਨੂੰ 14 ਸਥਾਨਾਂ ਦਾ ਫਾਇਦਾ ਹੋਇਆ ਹੈ। ਨੀਰਜ ਟੋਕੀਓ ਓਲੰਪਿਕ ਤੋਂ ਪਹਿਲਾਂ ਦਰਜਾਬੰਦੀ ’ਚ 16ਵੇਂ ਸਥਾਨ ’ਤੇ ਸੀ, ਜਿਸ ਵਿੱਚ ਉਸ ਦਾ ਔਸਤ ਪ੍ਰਦਰਸ਼ਨ ਸਕੋਰ 1,224 ਅੰਕ ਸੀ। ਵਿਸ਼ਵ ਅਥਲੈਟਿਕਸ ਵੱਲੋਂ ਜਾਰੀ ਸੱਜਰੀ ਦਰਜਾਬੰਦੀ ’ਚ ਨੀਰਜ ਚੋਪੜਾ ਹੁਣ 1,315 ਦੇ ਔਸਤ ਪ੍ਰਦਰਸ਼ਨ ਸਕੋਰ ਨਾਲ ਦੂਜੇ ਸਥਾਨ ’ਤੇ ਹੈ। ਜਰਮਨੀ ਦਾ ਯੋਹਾਨਸ ਵੇਟਰ (1,396 ਅੰਕ) ਪਹਿਲੇ ਸਥਾਨ ’ਤੇ ਹੈ। ਪੋਲੈਂਡ ਦਾ ਮਾਰਸਿਨ ਕਰੁਕੋਵਸਕੀ ਦਰਜਾਬੰਦੀ ’ਚ ਤੀਜੇ ਸਥਾਨ ’ਤੇ ਹੈ।