ਓਟਵਾ, 18 ਦਸੰਬਰ  : ਮੂਲ ਰੂਪ ਵਿੱਚ ਫਰਾਂਸ ਵਿੱਚ ਸ਼ੁਰੂ ਹੋਇਆ ਯੈਲੋ ਵੈਸਟ ਮੁਜ਼ਾਹਰਾ ਕੈਨੇਡਾ ਵੀ ਪਹੁੰਚ ਚੁੱਕਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਨ੍ਹਾਂ ਦੀ ਸਰਕਾਰ ਦੀਆਂ ਟੈਕਸ ਤੇ ਇਮੀਗ੍ਰੇਸ਼ਨ ਨੀਤੀਆਂ ਦਾ ਵਿਰੋਧ ਤੇ ਆਲੋਚਨਾ ਕਰ ਰਹੇ ਕਈ ਲੋਕਾਂ ਨੂੰ ਸ਼ਨਿੱਚਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ। 
ਜਿ਼ਕਰਯੋਗ ਹੈ ਕਿ ਇਹ ਮੁਜ਼ਾਹਰੇ ਸੱਭ ਤੋਂ ਪਹਿਲਾਂ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਨ ਦੀ ਸਰਕਾਰ ਵੱਲੋਂ ਲਾਏ ਗਏ ਫਿਊਲ ਟੈਕਸ ਖਿਲਾਫ ਸ਼ੁਰੂ ਹੋਏ ਸੀ ਤੇ ਹੁਣ ਇਹ ਮੁਜ਼ਾਹਰੇ ਉੱਥੇ ਪੰਜਵੇਂ ਹਫਤੇ ਵਿੱਚ ਪਹੁੰਚ ਚੁੱਕੇ ਹਨ। ਪਰ ਇਨ੍ਹਾਂ ਮੁਜ਼ਾਹਰਿਆਂ ਨੇ ਹਿੰਸਕ ਰੂਪ ਲੈ ਲਿਆ ਤੇ ਇਨ੍ਹਾਂ ਕਰਕੇ ਫਰਾਂਸ ਵਿੱਚ ਹੋਏ ਦੰਗਿਆਂ ਵਿੱਚ ਹੁਣ ਤੱਕ ਅੱਠ ਲੋਕ ਮਾਰੇ ਜਾ ਚੁੱਕੇ ਹਨ। ਇਸੇ ਤਰ੍ਹਾਂ ਦੇ ਮੁਜ਼ਾਹਰੇ ਹੀ ਬੈਲਜੀਅਮ, ਨੀਦਰਲੈਂਡਜ਼ ਤੇ ਯੂਨਾਈਟਿਡ ਕਿੰਗਡਮ ਵਿੱਚ ਵੀ ਪਿਛਲੇ ਕਈ ਹਫਤਿਆਂ ਤੋਂ ਚੱਲ ਰਹੇ ਹਨ। 
ਪਰ ਸ਼ਨਿੱਚਰਵਾਰ ਨੂੰ ਇਹ ਮੁਜ਼ਾਹਰੇ ਕੈਨੇਡਾ ਵੀ ਆ ਪੁੱਜੇ ਹਨ। ਸਸਕਾਟੂਨ, ਟੋਰਾਂਟੋ, ਮੋਨਕਟੌਨ, ਨਿਊ ਬਰੰਜ਼ਵਿੱਕ, ਕੈਲਗਰੀ, ਹੈਲੀਫੈਕਸ ਤੇ ਐਡਮੰਟਨ ਵਿੱਚ ਇਹ ਮੁਜ਼ਾਹਰੇ ਵੇਖੇ ਗਏ। ਮੈਰੀਟਾਈਮਜ਼ ਵਿੱਚ ਸਥਾਨਕ ਮੁਜ਼ਾਹਰਾਕਾਰੀਆਂ ਦਾ ਇੱਕ ਗਰੁੱਪ ਹੈਲੀਫੈਕਸ ਸਿਟੀ ਹਾਲ ਦੇ ਸਾਹਮਣੇ ਇੱਕਠਾ ਹੋਇਆ। ਇਸ ਦੌਰਾਨ ਟਰੂਡੋ ਦੇ ਕਾਰਬਨ ਟੈਕਸ ਦੀ ਮੁੱਖ ਤੌਰ ਉੱਤੇ ਨਿਖੇਧੀ ਕੀਤੀ ਗਈ। ਕੈਲਗਰੀ ਵਿੱਚ ਡਾਊਨਟਾਊਨ ਕਰਬੀ ਸੈਂਟਰ ਦੇ ਬਾਹਰ ਮੁਜ਼ਾਹਰਾਕਾਰੀਆਂ ਨੇ ਵੱਡੀ ਰੈਲੀ ਕੱਢੀ। ਲੋਕ ਆਖ ਰਹੇ ਸਨ ਕਿ ਟਰੂਡੋ ਦੀ ਲੀਡਰਸਿ਼ਪ ਤੇ ਪਾਈਪਲਾਈਨ ਦੇ ਮੁੱਦੇ ਨੂੰ ਲੈ ਕੇ ਲੋਕ ਕਾਫੀ ਦੁਖੀ ਹਨ। 
ਪ੍ਰੋਗਰੈਸਿਵ ਗਰੁੱਪ ਫੌਰ ਇੰਡੀਪੈਂਡੈਂਟ ਬਿਜ਼ਨਸ ਦੇ ਮੈਂਬਰ ਸੈਂਡਲਰ ਨੇ ਆਖਿਆ ਕਿ ਜਦੋਂ ਤੋਂ ਫਰਾਂਸ ਵਿੱਚ ਇਹ ਸੱਭ ਸ਼ੁਰੂ ਹੋਇਆ ਹੈ ਉਦੋਂ ਤੋਂ ਸਾਰੇ ਇਸ ਤਰ੍ਹਾਂ ਹੀ ਕਰਨਾ ਚਾਹੁੰਦੇ ਹਨ। ਇਸ ਦੌਰਾਨ ਟੋਰਾਂਟੋ ਵਿੱਚ 60 ਦੇ ਨੇੜੇ ਤੇੜੇ ਮੁਜ਼ਾਹਰਾਕਾਰੀ ਨਥਾਨ ਫਿਲਿਪਜ ਸਕੁਏਅਰ ਵਿੱਚ ਇੱਕਠੇ ਹੋਏ ਤੇ ਉਨ੍ਹਾਂ ਨੇ ਕਾਰਬਨ ਟੈਕਸ ਤੇ ਇਮੀਗ੍ਰੇਸ਼ਨ ਸਬੰਧੀ ਨੀਤੀਆਂ ਦਾ ਵਿਰੋਧ ਕੀਤਾ।