ਨਵੀਂ ਦਿੱਲੀ,ਕਾਂਗਰਸ ਨੇ 11 ਅਕਤੂਬਰ ਨੂੰ ਹੋਣ ਜਾ ਰਹੀ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਪੰਜਾਬ ਇਕਾਈ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਪਾਰਟੀ ਉਮੀਦਵਾਰ ਬਣਾਇਆ ਹੈ। ਚੋਣ ਕਮਿਸ਼ਨ ਨੇ 15 ਸਤੰਬਰ ਨੂੰ ਇਸ ਉਪ ਚੋਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਅਤੇ ਇਸ ਲਈ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਆਖ਼ਰੀ ਮਿਤੀ 22 ਸਤੰਬਰ ਹੈ।  ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਜਨਾਰਦਨ ਦਿਵੇਦੀ ਨੇ ਦੱਸਿਆ, ‘ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਗੁਰਦਾਸਪੁਰ ਸੰਸਦੀ ਹਲਕੇ ਦੀ ਉਪ ਚੋਣ ਲਈ ਸੁਨੀਲ ਜਾਖੜ ਦੇ ਨਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ।’
ਦੱਸਣਯੋਗ ਹੈ ਕਿ ਭਾਜਪਾ ਐਮਪੀ ਵਿਨੋਦ ਖੰਨਾ ਦੀ ਮੌਤ ਬਾਅਦ ਇਹ ਸੀਟ ਖਾਲੀ ਹੋਈ ਸੀ। ਸ੍ਰੀ ਜਾਖੜ ਪੰਜਾਬ ਕਾਂਗਰਸ ਦੇ ਪ੍ਰਧਾਨ ਹਨ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਹਨ। ਅਮਰਿੰਦਰ ਸਿੰਘ ਵਾਂਗ ਗੁਰਦਾਸਪੁਰ ਇਲਾਕੇ ਦੇ ਕੁੱਝ ਵਿਧਾਇਕਾਂ ਵੱਲੋਂ ਵੀ ਸ੍ਰੀ ਜਾਖੜ ਨੂੰ ਉਮੀਦਵਾਰ ਬਣਾਏ ਜਾਣ ਦਾ ਸਮਰਥਨ ਕੀਤਾ ਸੀ। ਇਸ ਸਾਲ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸ੍ਰੀ ਜਾਖੜ ਹਾਰ ਗਏ ਸਨ। ਇਸ ਫ਼ੈਸਲੇ ਤੋਂ ਪਹਿਲਾਂ ਸੋਨੀਆ ਗਾਂਧੀ ਨੇ ਅਮਰਿੰਦਰ ਸਿੰਘ, ਜਾਖੜ ਤੇ ਪ੍ਰਤਾਪ ਸਿੰਘ ਬਾਜਵਾ ਨਾਲ ਮੁਲਾਕਾਤ ਕੀਤੀ ਸੀ। ਇਸ ਸਾਲ ਅਮਰਿੰਦਰ ਸਿੰਘ ਦੀ ਅਗਵਾਈ ’ਚ ਕਾਂਗਰਸ ਦੀ ਸਰਕਾਰ ਬਣਨ ਬਾਅਦ ਇਹ ਪਹਿਲੀ ਚੋਣ ਹੈ ਅਤੇ ਪਾਰਟੀ ਲਈ ਜਿੱਤ ਯਕੀਨੀ ਬਣਾਉਣਾ ਅਹਿਮ ਹੈ। ਧੜੇਬੰਦੀ ਕਾਰਨ ਪਾਰਟੀ ਨੂੰ ਨੁਕਸਾਨ ਹੋਣ ਤੋਂ ਚੌਕਸ ਕਾਂਗਰਸ ਲੀਡਰਸ਼ਿਪ ਨੇ ਕੇਵਲ ਜਿੱਤ ਵਾਲੇ ਫੈਕਟਰ ਦੇ ਮੱਦੇਨਜ਼ਰ ਜਾਖੜ ਦੇ ਨਾਂ ਨੂੰ ਹਰੀ ਝੰਡੀ ਦਿੱਤੀ ਹੈ।