ਲੰਬੀ, 27 ਅਪਰੈਲ

ਖੇਤਾਂ ਦੇ ਪੁੱਤਰ ਅਤੇ ਕਿਸਾਨ ਆਗੂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਯਾਤਰਾ ਵੀ ਟਰੈਕਟਰ ਟਰਾਲੀ ‘ਤੇ ਕੱਢੀ ਗਈ। ਇਸ ਨੂੰ ਵੱਖ ਵੱਖ ਤਰ੍ਹਾਂ ਦੇ ਫੁੱਲਾਂ ਨਾਲ ਸਜਾਇਆ ਗਿਆ। ਇਸ ਦੇ ਉੱਪਰ ਉਨ੍ਹਾਂ ਦੀ ਹਸਦੇ ਹੋਏ ਚਿਹਰੇ ਵਾਲੀ ਤਸਵੀਰ ਵੀ ਲਗਾਈ ਗਈ। ਪੰਜ ਵਾਰ ਦੇ ਮੁੱਖ ਮੰਤਰੀ ਸ੍ਰੀ ਬਾਦਲ ਦਾ ਸਮੁੱਚਾ ਜੀਵਨ ਖੇਤੀ ਪ੍ਰਧਾਨ ਸੂਬੇ ਪੰਜਾਬ ਦੇ ਹਿੱਤਾਂ ਨੂੰ ਸਮਰਪਿਤ ਰਿਹਾ। ਉਹ ਦੇਸ਼ ਦੀ ਪਹਿਲੀ ਗੈਰ ਕਾਂਗਰਸੀ ਸਰਕਾਰ ਵਿਚ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਦੇ ਸਮੇਂ ਵਿਚ ਕੇਂਦਰੀ ਖੇਤੀਬਾੜੀ ਮੰਤਰੀ ਵੀ ਰਹੇ।