ਓਟਾਵਾ— ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ‘ਤੇ ਪੈਦਾ ਹੋਏ ਖਾਲਿਸਤਾਨ ਵਿਵਾਦ ਤੇ ਬਾਅਦ ‘ਚ ਕਈ ਦਿਨ ਤੱਕ ਕੈਨੇਡਾ ਦੀ ਸੰਸਦ ‘ਚ ਮੁੱਦਾ ਭੱਖਿਆ ਰਹਿਣ ਦੇ ਬਾਵਜੂਦ ਦੇਸ਼ ਦੇ 40 ਫੀਸਦੀ ਤੋਂ ਜ਼ਿਆਦਾ ਲੋਕਾਂ ਟਰੂਡੋ ਨੂੰ ਹੀ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਹਨ। ਇਹ ਪ੍ਰਗਟਾਵਾ ਨੈਨੋਜ਼ ਵਲੋਂ ਕੀਤੇ ਸਰਵੇ ‘ਚ ਕੀਤਾ ਗਿਆ ਹੈ। ਸਰਵੇ ਮੁਤਾਬਕ ਕੰਜ਼ਰਵੇਟਿਵ ਪਾਰਟੀ ਦੇ ਆਗੂ ਐਂਡਰਿਊ ਸ਼ੀਅਰ ਪ੍ਰਧਾਨ ਮੰਤਰੀ ਦੇ ਰੂਪ ‘ਚ 22.8 ਫੀਸਦੀ ਲੋਕਾਂ ਦੀ ਪਹਿਲੀ ਪਸੰਦ ਹਨ ਜਦਕਿ ਐੱਨ.ਡੀ.ਪੀ. ਆਗੂ ਜਗਮੀਤ ਸਿੰਘ ਨੂੰ 8.6 ਫੀਸਦੀ ਲੋਕ ਹੀ ਪ੍ਰਧਾਨ ਮੰਤਰੀ ਦੇ ਰੂਪ ‘ਚ ਦੇਖਣਾ ਚਾਹੁੰਦੇ ਹਨ।
ਸਰਵੇ ਦੌਰਾਨ ਹਰ 10 ‘ਚੋਂ 6 ਕੈਨੇਡੀਅਨਾਂ ਦਾ ਕਹਿਣਾ ਹੈ ਕਿ ਟਰੂਡੋ ‘ਚ ਇਕ ਚੰਗੇ ਸਿਆਸੀ ਆਗੂ ਦੇ ਗੁਣ ਮੌਜੂਦ ਹਨ। ਦੂਜੇ ਪਾਸੇ 36.8 ਫੀਸਦੀ ਲੋਕਾਂ ਨੇ ਐਂਡਰਿਊ ਸ਼ੀਅਰ ‘ਚ ਚੰਗੇ ਸਿਆਸੀ ਆਗੂ ਦੇ ਗੁਣ ਹੋਣ ਦੀ ਜ਼ਿਕਰ ਕੀਤਾ। ਜਗਮੀਤ ਸਿੰਘ ਇਸ ਮਾਮਲੇ ‘ਚ ਸ਼ੀਅਰ ਤੋਂ ਅੱਗੇ ਰਹੇ ਕਿਉਂਕਿ 37.5 ਫੀਸਦੀ ਲੋਕਾਂ ਨੇ ਐੱਨ.ਡੀ.ਪੀ. ਆਗੂ ‘ਚ ਸਿਆਸੀ ਕਾਬਲੀਅਤ ਹੋਣ ਦੀ ਗੱਲ ਕਹੀ।
ਪਾਰਟੀਆਂ ਨੂੰ ਮਿਲ ਰਹੀ ਲੋਕ ਹਮਾਇਤ ਦੀ ਜ਼ਿਕਰ ਕਰਦਿਆਂ ਸਰਵੇ ‘ਚ ਕਿਹਾ ਗਿਆ ਕਿ 36.5 ਫੀਸਦੀ ਲੋਕ ਲਿਬਰਲਾਂ ਦੇ ਹੱਕ ‘ਚ ਖੜ੍ਹੇ ਹਨ ਜਦਕਿ 32.7 ਫੀਸਦੀ ਲੋਕਾਂ ਨੇ ਕੰਜ਼ਰਵੇਟਿਵ ਪਾਰਟੀ ਦਾ ਸਮਰਥਕ ਹੋਣ ਦਾ ਜ਼ਿਕਰ ਕੀਤਾ। ਇਸੇ ਤਰ੍ਹਾਂ 19.2 ਫੀਸਦੀ ਲੋਕਾਂ ਨੇ ਐੱਨ.ਡੀ.ਪੀ. ਪਾਰਟੀ ਦਾ ਸਾਥ ਦੇਣ ਦੀ ਗੱਲ ਕਹੀ। ਲੋਕਾਂ ਨੂੰ ਜਦੋਂ ਪੁੱਛਿਆ ਗਿਆ ਕਿ ਉਹ ਕਿਹੜੀ ਪਾਰਟੀ ਨੂੰ ਵੋਟ ਪਾਉਣਾ ਪਸੰਦ ਕਰਨਗੇ ਤਾਂ 53.1 ਫੀਸਦੀ ਲੋਕਾਂ ਨੇ ਲਿਬਰਲਾਂ ਦਾ ਨਾਂ ਲਿਆ ਜਦਕਿ 48 ਫੀਸਦੀ ਲੋਕਾਂ ਨੇ ਕੰਜ਼ਰਵੇਟਿਵ ਪਾਰਟੀ ਨੂੰ ਵੋਟ ਦੇਣ ਦੀ ਗੱਲ ਕਹੀ। 38.3 ਫੀਸਦੀ ਲੋਕਾਂ ਨੇ ਕਿਹਾ ਕਿ ਐੱਨ.ਡੀ.ਪੀ. ਨੂੰ ਵੋਟ ਪਾਉਣਾ ਪਸੰਦ ਕਰਨਗੇ। ਹਾਲਾਂਕਿ ਸਰਵੇ ‘ਚ ਕੁਝ ਵਾਧੇ-ਘਾਟੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਦੱਸਣਯੋਗ ਹੈ ਕਿ ਜਸਟਿਨ ਟਰੂਡੋ ਦੇ ਮੁੰਬਈ ਸਮਾਗਮ ‘ਚ ਖਾਲਿਸਤਾਨੀ ਹਮਾਇਤੀ ਰਹੇ ਜਸਪਾਲ ਅਟਵਾਲ ਦੀ ਮੌਜੂਦਗੀ ਤੇ ਦਿੱਲੀ ਵਿਖੇ ਸਮਾਗਮ ਲਈ ਸੱਦਾ ਭੇਜੇ ਜਾਣ ਦਾ ਮੁੱਦਾ ਸੁਰਖੀਆਂ ‘ਚ ਰਿਹਾ ਸੀ। ਟਰੂਡੋ ਤੇ ਉਨ੍ਹਾਂ ਦੀ ਪਤਨੀ ਨੇ ਇਸ ਗੱਲ ਤੋਂ ਸਾਫ ਇਨਕਾਰ ਕਰ ਦਿੱਤਾ ਕਿ ਉਹ ਜਸਪਾਲ ਅਟਵਾਲ ਨੂੰ ਜਾਣਦੇ ਹਨ। ਫਿਰ ਵੀ ਟਰੂਡੋ ਦੇ ਕੈਨੇਡਾ ਪਰਤਣ ‘ਤੇ ਕੰਜ਼ਰਵੇਟਿਵ ਪਾਰਟੀ ਨੇ ਮੁੱਦਾ ਚੁੱਕ ਲਿਆ ਤੇ ਭਾਰਤ ਨਾਲ ਸਬੰਧ ਵਿਗਾੜਨ ਦਾ ਦੋਸ਼ ਲਾਉਂਦਿਆਂ ਮਤਾ ਪੇਸ਼ ਕਰਨ ਦੀ ਕੋਸ਼ਿਸ਼ ਵੀ ਕੀਤੀ।