ਬੈਂਗਲੁਰੂ— ਧਮਾਕੇਦਾਰ ਓਪਨਰ ਡੇਵਿਡ ਵਾਰਨਰ (124) ਦੇ ਆਪਣੇ 100ਵੇਂ ਵਨ ਡੇ ਵਿਚ ਸੈਂਕੜੇ ਦੇ ਕਾਰਨਾਮੇ ਅਤੇ ਉਸ ਦੀ ਆਰੋਨ ਫਿੰਚ (94) ਨਾਲ ਓਪਨਿੰਗ ਵਿਕਟ ਲਈ 231 ਦੌੜਾਂ ਦੀ ਜ਼ਬਰਦਸਤ ਸਾਂਝੇਦਾਰੀ ਦੀ ਬਦੌਲਤ ਆਸਟ੍ਰੇਲੀਆ ਨੇ ਭਾਰਤ ਨੂੰ ਚੌਥੇ ਵਨ ਡੇ ਵਿਚ ਵੀਰਵਾਰ ਨੂੰ 21 ਦੌੜਾਂ ਨਾਲ ਹਰਾ ਕੇ ਟੀਮ ਇੰਡੀਆ ਦਾ ਪ੍ਰਫੈਕਟ 10 ਦਾ ਸੁਪਨਾ ਤੋੜ ਦਿੱਤਾ।
ਆਸਟ੍ਰੇਲੀਆ ਨੇ 5 ਵਿਕਟਾਂ ‘ਤੇ 334 ਦੌੜਾਂ ਦਾ ਵੱਡਾ ਸਕੋਰ ਬਣਾਇਆ, ਜਿਹੜਾ ਭਾਰਤ ‘ਤੇ ਭਾਰੀ ਸਾਬਤ ਹੋਇਆ ਤੇ ਟੀਮ ਇੰਡੀਆ 8 ਵਿਕਟਾਂ ‘ਤੇ 313 ਦੌੜਾਂ ਹੀ ਬਣਾ ਸਕੀ। ਇਸ ਹਾਰ ਦੇ ਨਾਲ ਹੀ ਭਾਰਤ ਦਾ ਲਗਾਤਾਰ 9 ਵਨ ਡੇ ਮੈਚਾਂ ਦਾ ਜੇਤੂ ਕ੍ਰਮ ਵੀ ਰੁਕ ਗਿਆ। ਜੇਕਰ ਭਾਰਤ ਇਹ ਮੈਚ ਜਿੱਤ ਜਾਂਦਾ ਤਾਂ ਉਹ ਲਗਾਤਾਰ 10 ਵਨ ਡੇ ਜਿੱਤਣ ਦਾ ਕਾਰਨਾਮਾ ਪਹਿਲੀ ਵਾਰ ਕਰ ਲੈਂਦਾ ਪਰ ਆਸਟ੍ਰੇਲੀਆ ਨੇ ਉਸ ਦੇ ਸੁਪਨਿਆਂ ‘ਤੇ ਪਾਣੀ ਫੇਰ ਦਿੱਤਾ ਹਾਲਾਂਕਿ ਭਾਰਤ ਅਜੇ ਵੀ 5 ਮੈਚਾਂ ਦੀ ਵਨ ਡੇ ਸੀਰੀਜ਼ ‘ਚ 3-1 ਨਾਲ ਅੱਗੇ ਹੈ। 
ਭਾਰਤ ਲਈ ਇਸ ਮੈਚ ਵਿਚ ਫਾਰਮ ਵਿਚ ਚੱਲ ਰਹੇ ਤੇਜ਼ ਗੇਂਦਬਾਜ਼ਾਂ ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ ਅਤੇ ਵਾਰਨਰ ਲਈ ਸਿਰਦਰਦ ਬਣ ਚੁੱਕੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੂੰ ਆਰਾਮ ਦੇਣਾ ਮਹਿੰਗਾ ਪਿਆ, ਜਿਸ ਦਾ ਫਾਇਦਾ ਚੁੱਕ ਕੇ ਆਸਟ੍ਰੇਲੀਆ ਨੇ ਮੈਚ ਜੇਤੂ ਸਕੋਰ ਬਣਾ ਲਿਆ। ਭਾਰਤ ਲਈ ਤਿੰਨ ਬੱਲੇਬਾਜ਼ਾਂ ਅਜਿੰਕਯ ਰਹਾਨੇ 53, ਰੋਹਿਤ ਸ਼ਰਮਾ 65 ਤੇ ਕੇਦਾਰ ਜਾਧਵ  67 ਨੇ ਅਰਧ ਸੈਂਕੜੇ ਲਾਏ ਪਰ ਕੋਈ ਵੀ ਟੀਮ ਨੂੰ ਜਿੱਤ ਤੱਕ ਲਿਜਾਣ ਲਈ ਅੰਤ ਤੱਕ ਨਹੀਂ ਟਿਕ ਸਕਿਆ। 
ਇਸ ਤੋਂ ਪਹਿਲਾਂ 30 ਸਾਲਾ ਵਾਰਨਰ ਨੇ 119 ਗੇਂਦਾਂ ‘ਤੇ 124 ਦੌੜਾਂ ਵਿਚ 12 ਚੌਕੇ ਤੇ 4 ਛੱਕੇ ਲਾਏ। ਉਸ ਨੇ ਫਿੰਚ ਨਾਲ ਪਹਿਲੀ ਵਿਕਟ ਲਈ 35 ਓਵਰਾਂ ਵਿਚ 231 ਦੌੜਾਂ ਦੀ ਸਾਂਝੇਦਾਰੀ ਕੀਤੀ। ਫਿੰਚ ਦੀ ਬਦਕਿਸਮਤੀ ਰਹੀ ਕਿ ਉਹ ਸਿਰਫ 6 ਦੌੜਾਂ ਨਾਲ ਆਪਣਾ ਲਗਾਤਾਰ ਦੂਜਾ ਸੈਂਕੜਾ ਲਾਉਣ ਤੋਂ ਖੁੰਝ ਗਿਆ। ਫਿੰਚ ਨੇ 96 ਗੇਂਦਾਂ ‘ਤੇ 94 ਦੌੜਾਂ ਵਿਚ 10 ਚੌਕੇ ਤੇ 3 ਛੱਕੇ ਲਾਏ। ਇਸ ਦੋਹਰੇ ਸੈਂਕੜੇ ਵਾਲੀ ਸਾਂਝੇਦਾਰੀ ਨੇ ਆਸਟ੍ਰੇਲੀਆ ਲਈ ਮਜ਼ਬੂਤ ਸਕੋਰ ਦਾ ਆਧਾਰ ਤਿਆਰ ਕਰ ਦਿੱਤਾ।
ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ , ਉਮੇਸ਼ ਯਾਦਵ ਅਤੇ ਲੈਫਟ ਆਰਮ ਸਪਿਨਰ ਅਕਸ਼ਰ ਪਟੇਲ ਮਹਿੰਗੇ ਸਾਬਤ ਹੋਏ। ਉਮੇਸ਼ ਨੇ 71 ਦੌੜਾਂ ‘ਤੇ 4 ਵਿਕਟਾਂ ਤਾਂ ਲਈਆਂ ਪਰ ਸ਼ੰਮੀ 62 ਅਤੇ ਪਟੇਲ 66 ਦੌੜਾਂ ਦੇ ਕੇ ਕੋਈ ਵਿਕਟ ਹਾਸਲ ਨਹੀਂ ਕਰ ਸਕੇ।
ਵਾਰਨਰ ਤੇ ਫਿੰਚ ਦੋਵਾਂ ਨੇ ਹੀ ਜ਼ਬਰਦਸਤ ਬੱਲੇਬਾਜ਼ੀ ਕੀਤੀ ਤੇ ਭਾਰਤੀ ਤੇਜ਼ ਅਤੇ ਸਪਿਨ ਗੇਂਦਬਾਜ਼ਾਂ ਨੂੰ ਕੁੱਟਿਆ। ਕੁਲਦੀਪ ਦੇ ਬਾਹਰ ਬਿਠਾਏ ਜਾਣ ਨਾਲ ਲੈੱਗ ਸਪਿਨਰ ਯੁਜਵੇਂਦਰ ਚਾਹਲ ਦੀ ਲੈਅ ਵੀ ਭਟਕ ਗਈ ਤੇ ਉਹ ਅੱਠ ਓਵਰਾਂ ਵਿਚ 54 ਦੌੜਾਂ ਦੇ ਕੇ ਕੋਈ ਵਿਕਟ ਨਹੀਂ ਲੈ ਸਕਿਆ। ਪਾਰਟ ਟਾਈਮ ਆਫ ਸਪਿਨਰ ਕੇਦਾਰ ਜਾਧਵ  ਨੇ 7 ਓਵਰਾਂ ਵਿਚ 38 ਦੌੜਾਂ ਦੇ ਕੇ ਇਕ ਵਿਕਟ ਲਈ।
ਭਾਰਤ ਨੂੰ ਪਹਿਲੀ ਕਾਮਯਾਬੀ ਜਾਧਵ ਨੇ ਦਿਵਾਈ, ਜਦੋਂ ਉਸ ਨੇ ਵਾਰਨਰ ਨੂੰ ਪਟੇਲ ਹੱਥੋਂ ਕੈਚ ਕਰਵਾਇਆ। ਉਮੇਸ਼ ਨੇ ਫਿਰ ਅਗਲੇ ਓਵਰ ਵਿਚ ਫਿੰਚ ਨੂੰ ਸੈਂਕੜੇ ਤੋਂ ਵਾਂਝਾ ਕਰ ਦਿੱਤਾ। ਉਮੇਸ਼ ਨੇ ਆਸਟ੍ਰੇਲੀਆ ਦੇ ਕਪਤਾਨ ਸਟੀਵ ਸਮਿਥ ਨੂੰ ਵੀ ਪੈਵੇਲੀਅਨ ਦਾ ਰਸਤਾ ਦਿਖਾਇਆ। ਸਮਿਥ ਸਿਰਫ 3 ਦੌੜਾਂ ਹੀ ਬਣਾ ਸਕਿਆ।
ਭਾਰਤ ਨੇ ਪੰਜ ਦੌੜਾਂ ਦੇ ਫਰਕ ਵਿਚ ਵਾਰਨਰ, ਫਿੰਚ  ਤੇ ਸਮਿਥ ਦੀਆਂ ਵਿਕਟਾਂ ਲਈਆਂ। ਇਕ ਸਮੇਂ ਲੱਗ ਰਿਹਾ ਸੀ ਕਿ ਭਾਰਤ ਆਸਟ੍ਰੇਲੀਆ ਨੂੰ 300 ਦੇ ਨੇੜੇ-ਤੇੜੇ ਰੋਕ ਲਵੇਗਾ ਪਰ ਟ੍ਰੈਵਿਸ ਹੈੱਡ (29) ਤੇ ਪੀਟਰ ਹੈਂਡਸਕੌਂਬ (43) ਨੇ ਚੌਥੀ ਵਿਕਟ ਲਈ 63 ਦੌੜਾਂ ਜੋੜੀਆਂ। ਉਮੇਸ਼ ਨੇ ਹੈੱਡ ਨੂੰ ਅਜਿੰਕਯ ਰਹਾਨੇ ਹੱਥੋਂ ਕੈਚ ਕਰਾ ਕੇ ਇਸ ਸਾਂਝੇਦਾਰੀ ਨੂੰ ਤੋੜਿਆ। ਹੈੱਡ ਨੇ 38 ਗੇਂਦਾਂ ਦੀ ਆਪਣੀ ਪਾਰੀ ਵਿਚ ਇਕ ਚੌਕਾ ਤੇ ਇਕ ਛੱਕਾ ਲਾਇਆ। ਹੈਂਡਸਕੌਂਬ ਨੇ 30 ਗੇਂਦਾਂ ਵਿਚ 3 ਚੌਕੇ ਤੇ ਇਕ ਛੱਕਾ ਲਾਇਆ। ਮਾਰਕਸ ਸਟੋਇੰਸ ਨੇ ਅਜੇਤੂ 15 ਦੌੜਾਂ ਬਣਾ ਕੇ ਆਸਟ੍ਰੇਲੀਆ ਨੂੰ 334 ਦੌੜਾਂ ਤੱਕ ਪਹੁੰਚਾਇਆ।