ਮੁੰਬਈ, 20ਅਪਰੈਲ

ਬੌਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਅੱਜ ਆਪਣੇ ਮਾਤਾ-ਪਿਤਾ ਦੇ ਵਿਆਹ ਦੀ ਵਰ੍ਹੇਗੰਢ ਮੌਕੇ ਉਨ੍ਹਾਂ ਦੀ ਪ੍ਰੇਮ ਕਹਾਣੀ ਬਾਰੇ ਟਵੀਟ ਕੀਤਾ। ਅਦਾਕਾਰਾ ਨੇ ਆਪਣੇ ਮਾਪਿਆਂ ਦੇ ਵਿਆਹ ਵਾਲੀਆਂ (ਬਲੈਕ ਐਂਡ ਵ੍ਹਾਈਟ) ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਕੰਗਨਾ ਨੇ ਆਖਿਆ,‘‘ਅੱਜ ਮੇਰੇ ਮਾਤਾ-ਪਿਤਾ ਦੇ ਵਿਆਹ ਦੀ ਵਰ੍ਹੇਗੰਢ ਹੈ। ਜਦੋਂ ਅਸੀਂ ਵੱਡੇ ਹੋਏ ਤਾਂ ਉਹ ਸਾਨੂੰ ਝੂਠ ਬੋਲਦੇ ਰਹੇ ਕਿ ਉਨ੍ਹਾਂ ਨੇ ਰਵਾਇਤੀ ਢੰਗ ਨਾਲ ਵਿਆਹ ਕਰਵਾਇਆ ਸੀ। ਬਾਅਦ ਵਿੱਚ ਸਾਨੂੰ ਨਾਨੀ ਨੇ ਦੱਸਿਆ ਕਿ ਉਨ੍ਹਾਂ ਪ੍ਰੇਮ ਪਿਆਹ ਕਰਵਾਇਆ ਸੀ। ਪਾਪਾ ਨੇ ਮੰਮੀ ਨੂੰ ਕਾਲਜ ਤੋਂ ਪਰਤਿਆਂ ਬੱਸ ਵਿਚ ਦੇਖਿਆ ਸੀ। ਪਾਪਾ ਉਦੋਂ ਤੱਕ ਉਸੇ ਬੱਸ ਵਿੱਚ ਆਉਂਦੇ ਰਹੇ ਜਦੋਂ ਤੱਕ ਮੰਮੀ ਨੇ ਉਨ੍ਹਾਂ ਨੂੰ ਦੇਖ ਨਾ ਲਿਆ। ਜਦੋਂ ਪਾਪਾ ਨੇ ਵਿਆਹ ਕਰਵਾਉਣ ਦੀ ਪੇਸ਼ਕਸ਼ ਕੀਤੀ ਤਾਂ ਨਾਨੀ ਨੇ ਨਾਂਹ ਕਰ ਦਿੱਤੀ, ਕਿਉਂਕਿ ਪਾਪਾ ਸਾਧਾਰਨ ਇਨਸਾਨ ਸਨ ਅਤੇ ਨਾਨਾ ਨੂੰ ਮੰਮੀ ਲਈ ਸਰਕਾਰੀ ਨੌਕਰੀ ਲੱਗਿਆ ਮੁੰਡਾ ਚਾਹੀਦਾ ਸੀ। ਮੰਮੀ, ਨਾਨਾ ਦੇ ਬਹੁਤ ਲਾਡਲੇ ਸਨ ਅਤੇ ਉਹ ਪਿਆਰ ਨਾਲ ਉਨ੍ਹਾਂ ਨੂੰ ਗੁੱਡੀ ਕਹਿੰਦੇ ਸਨ ਪਰ ਮੰਮੀ ਨੇ ਵਿਆਹ ਲਈ ਕਾਫੀ ਜੱਦੋ-ਜਹਿਦ ਕੀਤੀ ਅਤੇ ਨਾਨਾ ਨੂੰ ਵਿਆਹ ਲਈ ਰਜ਼ਾਮੰਦ ਕਰਨ ਲਈ ਧੰਨਵਾਦ। ਵਿਆਹ ਦੀ ਵਰ੍ਹੇਗੰਢ ਦੀਆਂ ਵਧਾਈਆਂ।’’

ਹਾਲ ਹੀ ਵਿੱਚ ਕੰਗਨਾ ਨੇ ਸੋਸ਼ਲ ਮੀਡੀਆ ’ਤੇ ਆਪਣੇ ਚਾਹੁਣ ਵਾਲਿਆਂ ਨੂੰ ਗੁੜੀ ਪੜਵਾ ਅਤੇ ਨਵਰਾਤਰੀ ਦੀਆਂ ਵਧਾਈਆਂ ਦਿੱਤੀਆਂ ਸਨ। ਜਾਣਕਾਰੀ ਅਨੁਸਾਰ ਭਾਰਤ ਵਿੱਚ ਕਰੋਨਾ ਮਹਾਮਾਰੀ ਦੇ ਦੂਜੇ ਦੌਰ ਕਾਰਨ ਕੰਗਨਾ ਦੀ ਆਉਣ ਵਾਲੀ ਫ਼ਿਲਮ ‘ਥਲਾਇਵੀ’ ਦੀ ਰਿਲੀਜ਼ ਦੂਜੀ ਵਾਰ ਟਾਲੀ ਗਈ ਹੈ।