ਓਟਵਾ, 27 ਨਵੰਬਰ  : ਹੈਲਥ ਕੈਨੇਡਾ ਵੱਲੋਂ ਪਹਿਲੀ ਕੋਵਿਡ-19 ਵੈਕਸੀਨ ਨੂੰ ਕ੍ਰਿਸਮਸ ਤੋਂ ਪਹਿਲਾਂ ਮਨਜ਼ੂਰੀ ਦਿੱਤੀ ਜਾ ਸਕਦੀ ਹੈ| ਇਹ ਐਲਾਨ ਵੀਰਵਾਰ ਨੂੰ ਏਜੰਸੀ ਦੇ ਚੀਫ ਮੈਡੀਕਲ ਐਡਵਾਈਜ਼ਰ ਵੱਲੋਂ ਦਿੱਤਾ ਗਿਆ|
ਡਾæ ਸੁਪਰਿਆ ਸ਼ਰਮਾ ਨੇ ਦੱਸਿਆ ਕਿ ਇਸ ਸਮੇਂ ਹੈਲਥ ਕੈਨੇਡਾ ਵੱਲੋਂ ਤਿੰਨ ਸੰਭਾਵੀ ਵੈਕਸੀਨਜ਼ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ ਤੇ ਇਨ੍ਹਾਂ ਵਿੱਚੋਂ ਫਾਈਜ਼ਰ ਦੀ ਵੈਕਸੀਨ ਨੂੰ ਸੱਭ ਤੋਂ ਐਡਵਾਂਸ ਮੰਨਿਆ ਜਾ ਰਿਹਾ ਹੈ| ਉਨ੍ਹਾਂ ਦੱਸਿਆ ਕਿ ਇਸ ਵੈਕਸੀਨ ਨੂੰ ਅਮਰੀਕਾ ਤੇ ਯੂਰਪੀਅਨ ਹੈਲਥ ਏਜੰਸੀਆਂ ਦੀ ਤਰਜ਼ ਉੱਤੇ ਕ੍ਰਿਸਮਸ ਤੋਂ ਪਹਿਲਾਂ ਹੀ ਕੈਨੇਡਾ ਵਿੱਚ ਵਰਤੋਂ ਲਈ ਮਨਜ਼ੂਰੀ ਦਿੱਤੇ ਜਾਣ ਦੀ ਸੰਭਾਵਨਾ ਹੈ|
ਯੂਐਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਤੇ ਯੂਰਪੀਅਨ ਮੈਡੀਸਿਨਜ਼ ਏਜੰਸੀ ਦੋਵਾਂ ਦਾ ਕਹਿਣਾ ਹੈ ਕਿ ਉਹ ਬਾਇਓਨਟੈਕ ਨਾਲ ਭਾਈਵਾਲੀ ਵਿੱਚ ਇਸ ਵੈਕਸੀਨ ਨੂੰ ਦਸੰਬਰ ਤੱਕ ਵਰਤੋਂ ਦੀ ਮਨਜ਼ੂਰੀ ਦੇਣ ਬਾਰੇ ਵਿਚਾਰ ਕਰ ਰਹੇ ਹਨ| ਇਸ ਵੈਕਸੀਨ ਬਾਰੇ ਮੁੱਢਲੇ ਪਾਜ਼ੀਟਿਵ ਰਿਜ਼ਲਟਸ ਦੀਆਂ ਮਿਲੀਆਂ ਰਿਪੋਰਟਾਂ ਤੇ ਇਸ ਦੇ 90 ਫੀ ਸਦੀ ਅਸਰਦਾਰ ਹੋਣ ਕਾਰਨ ਇਸ ਵੈਕਸੀਨ ਨੂੰ ਹੀ ਸਬੰਧਤ ਦੇਸ਼ਾਂ ਵਿੱਚ ਮਨਜ਼ੂਰੀ ਮਿਲਣ ਦੀ ਆਸ ਹੈ| ਐਫ ਡੀ ਏ ਵੱਲੋਂ 10 ਦਸੰਬਰ ਨੂੰ ਕੀਤੀ ਜਾਣ ਵਾਲੀ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਜਾਵੇਗਾ ਕਿ ਫਾਈਜ਼ਰ ਨੂੰ ਹਰੀ ਝੰਡੀ ਦਿੱਤੀ ਜਾਵੇਗੀ ਜਾਂ ਨਹੀਂ|
ਡਾæ ਸਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਅਸੀਂ ਵੀ ਇਸ ਸਮੇਂ ਦੌਰਾਨ ਹੀ ਵੈਕਸੀਨ ਬਾਰੇ ਪੱਕਾ ਫੈਸਲਾ ਲਵਾਂਗੇ| ਫਿਰ ਅਸੀਂ ਕੈਨੇਡਾ ਭਰ ਵਿੱਚ ਇਸ ਵੈਕਸੀਨ ਨੂੰ ਉਪਲਬਧ ਕਰਵਾਉਣ ਬਾਰੇ ਰਣਨੀਤੀ ਤਿਆਰ ਕਰਾਂਗੇ|