ਜੋਹਾਨੈੱਸਬਰਗ/ਵਾਸ਼ਿੰਗਟਨ, 10 ਸਤੰਬਰ

‘ਬਰਿਕਸ’ ਮੁਲਕ ਇਸ ਗੱਲ ’ਤੇ ਸਹਿਮਤ ਹੋ ਗਏ ਹਨ ਕਿ ਅਫ਼ਗਾਨਿਸਤਾਨ ਵਿਚ ਤਾਲਿਬਾਨ ਦੀ ਸਰਕਾਰ ਨੂੰ ਉਦੋਂ ਤੱਕ ਮਾਨਤਾ ਨਹੀਂ ਦਿੱਤੀ ਜਾਵੇਗੀ ਜਦ ਤੱਕ ਉਹ ਇਸ ਗੱਲ ਦਾ ਯਕੀਨ ਨਹੀਂ ਦਿਵਾਉਂਦੇ ਕਿ ਉਹ ਕੌਮਾਂਤਰੀ ਕਾਨੂੰਨਾਂ ਮੁਤਾਬਕ ਚੱਲਣਗੇ। ਦੱਖਣੀ ਅਫ਼ਰੀਕਾ ਦੇ ਵਿਦੇਸ਼ ਮੰਤਰੀ ਨਲੇਦੀ ਪਾਂਡੋਰ ਨੇ ਅੱਜ ਇਸ ਬਾਰੇ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਪੰਜ ਦੇਸ਼ਾਂ ਦੇ ਇਸ ਸਮੂਹ ਦੇ ਆਨਲਾਈਨ ਸੰਮੇਲਨ ਦੀ ਪ੍ਰਧਾਨਗੀ ਕੀਤੀ ਸੀ। ਇਸ ਮੌਕੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ, ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਾਇਰਿਲ ਰਮਫੋਸਾ ਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਰ ਬੋਲਸੋਨਾਰੋ ਵੀ ਹਾਜ਼ਰ ਸਨ। ਦੱਖਣੀ ਅਫ਼ਰੀਕੀ ਵਿਦੇਸ਼ ਮੰਤਰੀ ਨੇ ਕਿਹਾ ਕਿ ‘ਬਰਿਕਸ ਮੁਲਕ ਅਫ਼ਗਾਨ ਲੋਕਾਂ ਨੂੰ ਬੁਨਿਆਦੀ ਹੱਕ ਮਿਲਦੇ ਦੇਖਣਾ ਚਾਹੁੰਦੇ ਹਨ। ਇਸ ਤੋਂ ਇਲਾਵਾ ਲੋਕਤੰਤਰ ਦੀ ਬਹਾਲੀ ਵੀ ਉਹ ਦੇਖਣਾ ਚਾਹੁੰਦੇ ਹਨ।’ ਜ਼ਿਕਰਯੋਗ ਹੈ ਕਿ ਤਾਲਿਬਾਨ ਵੱਲੋਂ ਹਾਲ ਹੀ ਵਿਚ ਐਲਾਨੀ ਗਈ ਸਰਕਾਰ ਜਿਸ ਦੀ ਅਗਵਾਈ ਮੁੱਲ੍ਹਾ ਮੁਹੰਮਦ ਹਸਨ ਅਖੁੰਦ ਕਰ ਰਿਹਾ ਹੈ, ਦੀ 33 ਮੈਂਬਰੀ ਕੈਬਨਿਟ ਵਿਚ 17 ਨਾਂ ਅਜਿਹੇ ਹਨ ਜਿਨ੍ਹਾਂ ਉਤੇ ਸੰਯੁਕਤ ਰਾਸ਼ਟਰ ਨੇ ਪਾਬੰਦੀ ਲਾਈ ਹੋਈ ਹੈ। ਇਹ ਪੂਰੀ ਦੀ ਪੂਰੀ ਪਸ਼ਤੂਨ ਟੀਮ ਹੈ। ਔਰਤਾਂ ਨੂੰ ਬਿਲਕੁਲ ਬਾਹਰ ਦਾ ਰਾਸਤਾ ਦਿਖਾ ਦਿੱਤਾ ਗਿਆ ਹੈ। ਇੰਝ ਜਾਪਦਾ ਹੈ ਜਿਵੇਂ ਤਾਲਿਬਾਨ ਕਾਬੁਲ ਦੀਆਂ ਗਲੀਆਂ ਵਿਚ ਰੋਸ ਪ੍ਰਗਟਾਉਣ ਵਾਲੀਆਂ ਔਰਤਾਂ ਨੂੰ ਸਬਕ ਸਿਖਾਉਣਾ ਚਾਹੁੰਦਾ ਹੋਵੇ। ਔਰਤਾਂ ਦੇ ਮਾਮਲਿਆਂ ਬਾਰੇ ਮੰਤਰਾਲੇ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਇਸ ਮੰਤਰਾਲੇ ਨੇ ਪਿਛਲੀ ਅਸ਼ਰਫ਼ ਗ਼ਨੀ ਸਰਕਾਰ ਵਿਚ ਬੇਮਿਸਾਲ ਕੰਮ ਕੀਤਾ ਸੀ। ਇਸੇ ਦੌਰਾਨ ਅਮਰੀਕਾ ਨੇ ਅੱਜ ਕਿਹਾ ਕਿ ਅਫ਼ਗਾਨਿਸਤਾਨ ਵਿਚ ਤਾਲਿਬਾਨ ਵੱਲੋਂ ਬਣਾਈ ਅੰਤ੍ਰਿਮ ਸਰਕਾਰ ਕੌਮਾਂਤਰੀ ਭਾਈਚਾਰੇ ਦੀਆਂ ਆਸਾਂ ਮੁਤਾਬਕ ਨਹੀਂ ਹੈ। ਬਾਇਡਨ ਪ੍ਰਸ਼ਾਸਨ ਨੇ ਸਾਰੇ ਵਰਗਾਂ ਦੀ ਸ਼ਮੂਲੀਅਤ ਯਕੀਨੀ ਨਾ ਬਣਾਉਣ ਅਤੇ ਕੈਬਨਿਟ ਵਿਚ ਅਜਿਹੇ ਆਗੂਆਂ ਨੂੰ ਥਾਂ ਦੇਣ ਜੋ ਕਿ ਦਹਿਸ਼ਤੀ ਗਤੀਵਿਧੀਆਂ ਵਿਚ ਸ਼ਾਮਲ ਰਹੇ ਹਨ, ’ਤੇ ਚਿੰਤਾ ਜਤਾਈ ਹੈ। ਵਿਦੇਸ਼ ਵਿਭਾਗ ਦੇ ਬੁਲਾਰੇ ਨੈੱਡ ਪ੍ਰਾਈਸ ਨੇ ਕਿਹਾ ‘ਇਹ ਫ਼ਿਲਹਾਲ ਅੰਤ੍ਰਿਮ ਸਰਕਾਰ ਹੈ। ਕੁਝ ਅਹੁਦੇ ਖਾਲੀ ਰੱਖੇ ਗਏ ਹਨ। ਸਾਡੇ ਲਈ ਇਹ ਦੇਖਣਾ ਮਹੱਤਵਪੂਰਨ ਹੋਵੇਗਾ ਕਿ ਅਫ਼ਗਾਨਿਸਤਾਨ ਵਿਚ ਭਵਿੱਖੀ ਸਰਕਾਰ ਕਿਹੋ ਜਿਹੀ ਹੋਵੇਗੀ…ਮੁੜ, ਸਾਡੀ ਇਹੀ ਦੇਖਣ ਦੀ ਇੱਛਾ ਹੈ ਕਿ ਸਰਕਾਰ ਵਿਚ ਹਰੇਕ ਵਰਗ ਨੂੰ ਨੁਮਾਇੰਦਗੀ ਮਿਲੇ। ਸਰਕਾਰ ਲੋਕਾਂ ਦੀ ਪ੍ਰਤੀਨਿਧੀ ਬਣ ਕੇ ਸਾਹਮਣੇ ਆਵੇ।’ 

ਤਾਲਿਬਾਨ ਦਾ ਵਤੀਰਾ ਹਿੰਸਕ, ਔਰਤਾਂ ਦੇ ਹੱਕਾਂ ਦੀ ਰਾਖੀ ਹੋਵੇ: ਸੰਯੁਕਤ ਰਾਸ਼ਟਰ

ਜਨੇਵਾ:
ਸੰਯੁਕਤ ਰਾਸ਼ਟਰ ਨੇ ਅੱਜ ਕਿਹਾ ਕਿ ਸ਼ਾਂਤੀਪੂਰਨ ਰੋਸ ਮਾਰਚਾਂ ਪ੍ਰਤੀ ਤਾਲਿਬਾਨ ਦਾ ਵਤੀਰਾ ਹਿੰਸਕ ਹੈ। ਇਸ ਵਿਚ ਵਾਧਾ ਹੀ ਦੇਖਣ ਨੂੰ ਮਿਲਿਆ ਹੈ। ਮਨੁੱਖੀ ਹੱਕ ਕੌਂਸਲ ਦੀ ਤਰਜਮਾਨ ਰਵੀਨਾ ਸ਼ਾਮਦਸਾਨੀ ਨੇ ਕਿਹਾ ਕਿ ਉਨ੍ਹਾਂ ਤਾਲਿਬਾਨ ਦੀ ਪ੍ਰਤੀਕਿਰਿਆ ਦੇਖੀ ਹੈ। ਮੁਜ਼ਾਹਰਾਕਾਰੀਆਂ ਖ਼ਿਲਾਫ਼ ਤਾਕਤ ਦੀ ਵਰਤੋਂ ਹੋਈ ਹੈ। ਗੋਲੀ ਚੱਲਣ ਨਾਲ ਚਾਰ ਮੌਤਾਂ ਵੀ ਹੋਈਆਂ ਹਨ। ਸੰਯੁਕਤ ਰਾਸ਼ਟਰ ਦੇ ਮਹਿਲਾਵਾਂ ਬਾਰੇ ਸੰਗਠਨ ਦੀ ਇੰਚਾਰਜ ਪ੍ਰਮਿਲਾ ਪਟਨ ਨੇ ਕਿਹਾ ਕਿ ਤਾਲਿਬਾਨ ਨੂੰ ਔਰਤਾਂ ਦੇ ਹੱਕਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰੋਸ ਦਰਜ ਕਰ ਰਹੀਆਂ ਔਰਤਾਂ ਦੀ ਕੁੱਟਮਾਰ ਦੇਖ ਕੇ ਉਨ੍ਹਾਂ ਨੂੰ ਝਟਕਾ ਲੱਗਾ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਬੁਨਿਆਦੀ ਹੱਕਾਂ ਤੇ ਆਜ਼ਾਦੀ ਲਈ ਲੜ ਰਹੀਆਂ ਮਹਿਲਾਵਾਂ ਦੇ ਨਾਲ ਖੜ੍ਹਾ ਹੈ। ਸੰਯੁਕਤ ਰਾਸ਼ਟਰ ਨੇ ਅੱਜ ਕਿਹਾ ਕਿ ਤਾਲਿਬਾਨ ਦੀ ਨਵੀਂ ਸਰਕਾਰ ਵਿਚ ਕਈ ਨਾਂ ਅਜਿਹੇ ਹਨ ਜਿਨ੍ਹਾਂ ਉਤੇ ਸੰਗਠਨ ਨੇ ਪਾਬੰਦੀ ਲਾਈ ਹੋਈ ਹੈ। ਇਸ ਲਈ ਸਲਾਮਤੀ ਕੌਂਸਲ ਨੂੰ ਹੁਣ ਪਾਬੰਦੀਆਂ ਦੀ ਇਸ ਸੂਚੀ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਫ਼ੈਸਲਾ ਲੈਣਾ ਚਾਹੀਦਾ ਹੈ।

ਪਾਕਿ ਨੇ ਪੰਜਸ਼ੀਰ ’ਚ ਆਪਣੀ ਫ਼ੌਜ ਦੀ ਸ਼ਮੂਲੀਅਤ ਤੋਂ ਕੀਤਾ ਇਨਕਾਰ

ਇਸਲਾਮਾਬਾਦ:
ਪਾਕਿਸਤਾਨ ਨੇ ਉਨ੍ਹਾਂ ਰਿਪੋਰਟਾਂ ਦਾ ਖੰਡਨ ਕੀਤਾ ਹੈ ਜਿਨ੍ਹਾਂ ’ਚ ਕਿਹਾ ਗਿਆ ਹੈ ਕਿ ਉਸ ਦੀ ਫ਼ੌਜ ਅਫ਼ਗਾਨਿਸਤਾਨ ਦੀ ਪੰਜਸ਼ੀਰ ਘਾਟੀ ’ਚ ਤਾਲਿਬਾਨ ਲੜਾਕਿਆਂ ਦਾ ਸਾਥ ਦੇ ਰਹੀ ਹੈ। ਉਨ੍ਹਾਂ ਇਸ ਨੂੰ ਸ਼ਰਾਰਤ ਨਾਲ ਭਰਿਆ ਪ੍ਰਚਾਰ ਕਰਾਰ ਦਿੱਤਾ ਹੈ। ਕੁਝ ਰਿਪੋਰਟਾਂ ’ਚ ਕਿਹਾ ਗਿਆ ਸੀ ਕਿ ਪਾਕਿਸਤਾਨ ਦੇ ਵਿਸ਼ੇਸ਼ ਬਲਾਂ ਨਾਲ ਭਰੇ ਹੋਏ 27 ਹੈਲੀਕਾਪਟਰ ਪੰਜਸ਼ੀਰ ਵਿੱਚ ਤਾਲਿਬਾਨ ਦਾ ਸਹਿਯੋਗ ਕਰ ਰਹੇ ਸਨ ਅਤੇ ਉਨ੍ਹਾਂ ਦੇ ਡਰੋਨਾਂ ਵੱਲੋਂ ਤਾਲਿਬਾਨ ਵਿਰੋਧੀਆਂ ’ਤੇ ਹਮਲੇ ਵੀ ਕੀਤੇ ਗਏ। ਵਿਦੇਸ਼ ਦਫ਼ਤਰ ਦੇ ਤਰਜਮਾਨ ਅਸੀਮ ਇਫ਼ਤਿਖਾਰ ਨੇ ਕਿਹਾ ਕਿ ਕੌਮਾਂਤਰੀ ਭਾਈਚਾਰੇ ਨੂੰ ਗੁੰਮਰਾਹ ਅਤੇ ਪਾਕਿਸਤਾਨ ਨੂੰ ਬਦਨਾਮ ਕਰਨ ਲਈ ਇਹ ਦੋਸ਼ ਲਾਏ ਜਾ ਰਹੇ ਹਨ। –